ਪਿਛਲੇ ਪੰਜ ਸਾਲਾਂ ਤੋਂ ਸੜਕਾਂ ਲਈ ਤਰਸ ਰਹੇ ਹਨ ਡਰੀਮ ਪ੍ਰਾਜੈਕਟਾਂ ਦੇ ਲੋਕ 

ਏਜੰਸੀ

ਖ਼ਬਰਾਂ, ਪੰਜਾਬ

ਪਿਛਲੇ ਪੰਜ ਸਾਲਾਂ ਤੋਂ ਸੜਕਾਂ ਲਈ ਤਰਸ ਰਹੇ ਹਨ ਡਰੀਮ ਪ੍ਰਾਜੈਕਟਾਂ ਦੇ ਲੋਕ 

image


ਕਾਗ਼ਜ਼ਾਂ ਵਿਚ ਬਣੀਆਂ ਸੜਕਾਂ, ਪਰ ਜ਼ਮੀਨ 'ਤੇ ਨਹੀਂ

ਪਟਿਆਲਾ, 14 ਜੁਲਾਈ (ਅਵਤਾਰ ਸਿੰਘ ਗਿੱਲ) : ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਆਸ਼ੀਆਨਾ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ) ਵਿਚ ਬਣ ਜਾਵੇ ਬੇਸ਼ੱਕ ਸਾਰੀ ਜ਼ਿੰਦਗੀ ਦੀ ਕਮਾਈ ਹੀ ਕਿਉਂ ਨਾ ਲੱਗ ਜਾਵੇ | ਇਸ ਦਾ ਵੀ ਇਕ ਵੱਡਾ ਕਾਰਨ ਹੈ ਕਿਉਂਕਿ ਲੋਕਾਂ ਦੇ ਦਿਲ ਵਿਚ ਇਹ ਗੱਲ ਹੁੰਦੀ ਹੈ ਕਿ ਪੁੱਡਾ ਵਿਚ ਉਨ੍ਹਾਂ ਨੂੰ  ਚੰਡੀਗੜ੍ਹ ਵਰਗੀਆ ਸਹੂਲਤਾਂ ਮਿਲਣਗੀਆਂ ਜਿਸ ਲਈ ਲੋਕ ਪੁੱਡਾ ਵਿਚ ਪਲਾਟ ਲੈਣ ਲਈ ਕਈ ਕਈ ਸਾਲ ਜੂਝਦੇ ਹਨ, ਕਿਉਂਕਿ ਜਦੋਂ ਪੁੱਡਾ ਦੀਆਂ ਨਿਲਾਮੀਆਂ ਹੁੰਦੀਆਂ ਹਨ ਤਾਂ ਕਈ ਵਾਰ ਰੇਟ ਇੰਨੇ ਕੁ ਵੱਧ ਜਾਂਦੇ ਹਨ ਕਿ ਆਮ ਇਨਸਾਨ ਦੇ ਵਸੋਂ ਗੱਲ ਬਾਹਰ ਹੋ ਜਾਂਦੀ ਹੈ ਪਰ ਕਰੋੜਾਂ ਰੁਪਏ ਇਕੱਠੇ ਕਰਨ ਵਾਲਾ ਪੁੱਡਾ ਕੀ ਸਹੂਲਤਾਂ ਦਿੰਦਾ ਹੈ ਦਿਖਾਉਂਦੇ ਹਾਂ ਅਸੀਂ ਇਸ ਸਪੈਸ਼ਲ ਰੀਪੋਰਟ ਵਿਚ | ਕੈ.ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਦਾ ਅਰਬਨ ਅਸਟੇਟ ਇਲਾਕਾ ਜੋ ਕਿ ਅਰਬਨ ਹੋਣ ਦੇ ਬਾਵਜੂਦ ਦਿਹਾਤੀ ਵਿਚ ਪਾ ਦਿਤਾ ਗਿਆ ਹੈ | 
ਸਮਾਂ 9.45 ਮਿੰਟ ਸਥਾਨ ਪੁੱਡਾ ਮੁੱਖ ਦਫ਼ਤਰ ਦੇ ਬਾਹਰ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ | ਇਸ ਤਸਵੀਰ ਵਿਚ ਕਿਸ ਤਰ੍ਹਾਂ ਆਵਾਰਾ ਜਾਨਵਰ ਆਧੁਨਿਕ ਅਰਬਨ ਅਸਟੇਟ ਦੇ ਮੁੱਖ ਦਫ਼ਤਰ ਅੱਗੇ ਅਰਾਮ ਫਰਮਾ ਰਹੇ ਹਨ | ਸੜਕ ਰੁਕੀ ਹੋਈ ਹੈ, ਟੈ੍ਰਫ਼ਿਕ ਰੁਕੀ ਹੋਈ ਹੈ ਪਰ ਕੋਈ ਇਸ ਗੱਲ ਦੀ ਜ਼ਹਿਮਤ ਉਠਾਉਣ ਵਾਲਾ ਨਹੀਂ ਕਿ ਪੁੱਡਾ ਵਲੋਂ ਸਹੂਲਤਾਂ ਦੇ ਨਾਂ 'ਤੇ ਕਰੋੜਾਂ 
ਰੁਪਏ ਟੈਕਸ ਲਏ ਜਾਂਦੇ ਹਨ ਪਰ ਇਨ੍ਹਾਂ ਆਵਾਰਾ ਜਾਨਵਰਾਂ ਨੂੰ  ਪੁੱਡਾ ਵਿਚ ਆਉਣ ਤੋਂ ਰੋਕ ਸਕੇ | ਕੋਈ ਪੁਖ਼ਤਾ ਪ੍ਰਬੰਧ ਨਹੀਂ | ਸੈਂਕੜੇ ਹਾਦਸੇ ਵਾਪਰ ਚੁੱਕੇ ਹਨ ਪਰ ਪੁੱਡਾ ਅਧਿਕਾਰੀ ਅਪਣੀ ਕੁੰਭਕਰਨੀ ਨੀਂਦ ਤੋਂ ਨਹੀਂ ਜਾਗੇ, ਜਦੋਂ ਜਾਗਦੇ ਹਨ ਜਾਂ ਤਾਂ ਜੁਰਮਾਨੇ ਵਸੂਲਣ ਲਈ ਜਾਂ ਫਿਰ ਪਾਣੀ ਦੇ ਬਿਲ ਵਸੂਲਣ ਲਈ ਜਾਂ ਫਿਰ ਲੇਟ ਫ਼ੀਸਾਂ ਲਗਾਉਣ ਲਈ ਜਾਂ ਫਿਰ ਪਲਾਟ ਵਿਚ ਕੋਈ ਉਸਾਰੀ ਨਾ ਹੋਣ 'ਤੇ ਮੋਟੇ ਜੁਰਮਾਨੇ ਲਗਾਉਣ ਲਈ | 
ਸਮਾਂ ਰਾਤ 1.30 ਮਿੰਟ ਬਰਸਾਤ ਸ਼ੁਰੂ ਹੁੰਦੀ ਹੈ ਜੋ ਕਿ 15-20 ਮਿੰਟ ਬਾਅਦ ਰੁਕ ਜਾਂਦੀ ਹੈ | ਸਵੇਰੇ ਫਿਰ 5.30 ਮਿੰਟ ਵਜੇ ਭਾਰੀ ਬਰਸਾਤ ਸ਼ੁਰੂ ਹੁੰਦੀ ਹੈ | ਜਦੋਂ ਸਹੂਲਤਾਂ ਲੈਣ ਲਈ ਲੱਖਾਂ ਕਰੋੜਾਂ ਖ਼ਰਚ ਕੇ ਕੋਠੀਆਂ ਬਣਾਉਣ ਵਾਲੇ ਉਠਦੇ ਹਨ ਤਾਂ ਸੁਹਾਵਣੇ ਮੌਸਮ ਨੂੰ  ਦੇਖ ਮਨ ਖ਼ੁਸ਼ ਹੁੰਦਾ ਹੈ ਪਰ ਜਦੋਂ 8 ਵਜੇ ਤੋਂ ਕੰਮ 'ਤੇ ਜਾਣ ਦਾ ਸਮਾਂ ਹੁੰਦਾ ਹੈ ਤਾਂ ਸੜਕਾਂ 'ਤੇ 2-2 ਫੁੱਟ ਪਾਣੀ ਅਤੇ ਸੜਕਾਂ 'ਤੇ ਪਏ ਡੇਢ ਡੇਢ ਫੁੱਟ ਖੱਡੇ ਉਨ੍ਹਾਂ ਦਾ ਸਵਾਗਤ ਕਰਦੇ ਹਨ | ਕਈਆਂ ਨੂੰ  ਪੈਦਲ ਜਾਣਾ ਪੈਂਦਾ ਹੈ, ਕਿਉਂਕਿ ਅਦਾਰਿਆਂ ਦੀਆਂ ਗੱਡੀਆਂ ਮੇਨ ਸੜਕ ਤੋਂ ਅੰਦਰ ਨਹੀਂ ਆਉਂਦੀਆਂ | ਉਨ੍ਹਾਂ ਦੇ ਕਪੜੇ ਜੁੱਤੇ ਹਾਲੋ ਬੇਹਾਲ ਹੋ ਜਾਂਦੇ ਹਨ ਅਤੇ ਸਕੂਟਰ, ਮੋਟਰਸਾਈਕਲ ਵਾਲੇ ਨੂੰ  ਇਹੀ ਨਹੀਂ ਪਤਾ ਹੁੰਦਾ ਕਿ ਕਿਹੜਾ ਖੱਡਾ ਕਿਥੇ ਉਸ ਦੇ ਹੱਡ ਗੋਡੇ ਭੰਨਣ ਉਸ ਦੀ ਉਡੀਕ ਕਰ ਰਿਹਾ ਹੈ | ਅਕਸਰ ਕਈ ਲੋਕਾਂ ਨੂੰ  ਬਰਸਾਤਾਂ ਦੌਰਾਨ ਅਜਿਹੇ ਹੀ ਖੱਡਿਆਂ ਦਾ ਸ਼ਿਕਾਰ ਹੋ ਕੇ ਹਸਪਤਾਲਾਂ ਤਕ ਦੇ ਦਰਸ਼ਨ ਕਰਨੇ ਪੈ ਗਏ ਪਰ ਪੁੱਡਾ ਨਹੀਂ ਜਾਗਿਆ |
ਬੇਸ਼ੱਕ ਪੁੱਡਾ ਅਧਿਕਾਰੀ ਸਮੇਂ ਸਮੇਂ 'ਤੇ ਸੜਕਾਂ ਬਣਾਉਣ ਅਤੇ ਪੁੱਡਾ ਦੇ ਸੁੰਦਰੀਕਰਨ ਦੇ ਵੱਡੇ-ਵੱਡੇ ਦਮਗਜੇ ਜ਼ਰੂਰ ਮਾਰਦੇ ਹਨ ਪਰ ਜ਼ਮੀਨੀ ਹਕੀਕਤ ਸਾਡੀਆਂ ਖਿੱਚੀਆਂ ਫ਼ੋਟੋਆਂ ਬਾਖੂਬੀ ਤੁਹਾਡੀ ਨਜ਼ਰੇ-ਇਨਾਇਤ ਹੋ ਜਾਣਗੀਆਂ | ਤੁਹਾਨੂੰ ਸਮਝਣ ਵਿਚ ਜ਼ਰਾ ਵੀ ਦੇਰ ਨਹੀਂ ਲੱਗੇਗੀ ਕਿ ਜ਼ਮੀਨੀ ਹਾਲਾਤ ਕੀ ਹਨ, ਬੇਸ਼ੱਕ ਕਾਗ਼ਜ਼ਾਂ ਵਿਚ ਅਸਮਾਨੀ ਦੀਵਾ ਬਾਲਣ ਵਾਲੀ ਗੱਲ ਪੁੱਡਾ ਵਲੋਂ ਕਈ ਵਾਰ ਕੀਤੀ ਗਈ ਹੋਵੇ | ਜ਼ਿਕਰਯੋਗ ਹੈ ਕਿ ਜਦੋਂ ਇਸ ਮਾਮਲੇ ਵਿਚ ਪੁੱਡਾ ਵਿਚ ਨਵ ਨਿਯੁਕਤ ਅਜੇ ਅਰੋੜਾ ਆਈ.ਏ.ਐਸ. ਨਾਲ ਇਸ ਸਬੰਧ ਵਿਚ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਜਲਦ ਇਸ ਮਾਮਲੇ ਵਿਚ ਸਟੇਟਸ ਰੀਪੋਰਟ ਤਲਬ ਕਰਨਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਜਿਥੇ ਕਿਸੇ ਵੀ ਅਧਿਕਾਰੀ ਦੀ ਕੋਤਾਹੀ ਪਾਈ ਗਈ ਉਸ 'ਤੇ ਵੀ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ | ਦੇਖਣਾ ਇਹ ਹੋਵੇਗਾ ਕਿ ਹੁਣ ਨਵੇਂ ਆਏ ਅਧਿਕਾਰੀ ਪੁੱਡਾ ਦੇ ਇਨ੍ਹਾਂ ਅਸਮਾਨੀ ਟਾਕੀ ਲਾਉਣ ਵਾਲੇ ਅਧਿਕਾਰੀਆਂ ਨੂੰ  ਨੱਥ ਪਾਉਣ ਵਿਚ ਕਿੰਨੇ ਕੁ ਕਾਮਯਾਬ ਹੁੰਦੇ ਹਨ ਅਤੇ ਕਿੰਨੀ ਜਲਦੀ ਪੁੱਡਾ ਵਿਚ ਲੱਖਾਂ ਕਰੋੜਾਂ ਖ਼ਰਚ ਅਪਣੇ ਆਸ਼ੀਆਨੇ ਬਣਾਉਣ ਵਾਲੇ ਸਹੂਲਤਾਂ ਤੋਂ ਵਾਂਝੇ ਲੋਕਾਂ ਨੂੰ  ਉਨ੍ਹਾਂ ਨਾਲ ਕੀਤੇ ਕਰਾਰ ਮੁਤਾਬਕ ਸਹੂਲਤਾਂ ਦਿਤੀਆਂ ਜਾਂਦੀਆਂ ਹਨ |

ਫੋਟੋ ਨੰ: 14 ਪੀਏਟੀ 5
ਪੁੱਡਾ ਦੇ ਮੁੱਖ ਦਫ਼ਤਰ ਬਾਹਰ ਆਰਾਮ ਫਰਮਾ ਰਹੇ ਆਵਾਰਾ ਜਾਨਵਰ ਹੇਠਾਂ ਗੋਡੇ ਗੋਡੇ ਪਾਣੀ ਵਿਚੋਂ ਲੰਘਦੇ ਪੈਦਲ ਲੋਕ, ਗੱਡੀਆ ਤੇ ਮੋਟਰਸਾਈਕਲ ਦੀਆਂ ਤਸਵਰਾਂ | ਫੋਟੋ : ਅਜੇ