ਪੰਜਾਬ ਪੁਲਿਸ ਵਲੋਂ ਮੱਧ ਪ੍ਰਦੇਸ਼ 'ਚ ਗ਼ੈਰ ਕਾਨੂੰਨੀ ਹਥਿਆਰਾਂ ਦੇ ਇਕ ਹੋਰ ਮਾਡਿਊਲ ਦਾ ਪਰਦਾਫਾਸ਼

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਵਲੋਂ ਮੱਧ ਪ੍ਰਦੇਸ਼ 'ਚ ਗ਼ੈਰ ਕਾਨੂੰਨੀ ਹਥਿਆਰਾਂ ਦੇ ਇਕ ਹੋਰ ਮਾਡਿਊਲ ਦਾ ਪਰਦਾਫਾਸ਼

image

39 ਪਿਸਤੌਲਾਂ ਸਮੇਤ ਦੋ ਵਿਅਕਤੀ ਕਾਬੂ


ਅੰਮਿ੍ਤਸਰ, 14 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਮੱਧ ਪ੍ਰਦੇਸ਼ ਤੋਂ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈਟਵਰਕ ਨੂੰ  ਤੋੜਨ ਲਈ ਅਪਣੀ ਮੁਹਿੰਮ ਨੂੰ  ਜਾਰੀ ਰੱਖਦਿਆਂ ਪੰਜਾਬ ਪੁਲਿਸ ਨੇ ਅੱਜ ਮੱਧ ਪ੍ਰਦੇਸ਼ ਅਧਾਰਤ ਦੋ ਵਿਅਕਤੀਆਂ ਦੀ ਗਿ੍ਫ਼ਤਾਰੀ ਨਾਲ ਗ਼ੈਰ ਕਾਨੂੰਨੀ ਹਥਿਆਰਾਂ ਦੇ ਨਿਰਮਾਣ ਅਤੇ ਸੂਬੇ ਵਿਚ ਇਨ੍ਹਾਂ ਹਥਿਆਰਾਂ ਦੀ ਸਪਲਾਈ ਵਿਚ ਸ਼ਾਮਲ ਇਕ ਹੋਰ ਅੰਤਰ-ਰਾਜੀ  ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ |
ਡੀਜੀਪੀ ਦਿਨਕਰ ਗੁਪਤਾ ਨੇ ਦਸਿਆ ਕਿ ਅੰਤਰਰਾਜੀ ਕਾਰਵਾਈ ਦੌਰਾਨ ਸਟੇਟ ਕਾਉਂਟਰ ਇੰਟੈਲੀਜੈਂਸ, ਅੰਮਿ੍ਤਸਰ ਦੀ ਟੀਮ ਨੇ ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ਦੇ ਪਿੰਡ ਜਮਲੀ ਗਾਇਤਰੀ ਧਾਮ ਦੇ ਰਹਿਣ ਵਾਲੇ ਜੀਵਨ (19) ਅਤੇ ਬੜਵਾਨੀ  (ਮੱਧ ਪ੍ਰਦੇਸ਼) ਦੇ ਪਿੰਡ ਉਮਰਤੀ ਦੇ ਵਿਜੇ ਠਾਕੁਰ (25) ਨੂੰ  ਬੜਵਾਨੀ ਜ਼ਿਲ੍ਹੇ ਦੇ ਪਿੰਡ ਸੇਂਧਵਾ ਦੇ ਖੇਤਰ 'ਚੋਂ ਗਿ੍ਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਮੈਗਜ਼ੀਨਾਂ ਸਮੇਤ 39 ਪਿਸਤੌਲਾਂ (.32 ਬੋਰ) ਬਰਾਮਦ ਕੀਤੀਆਂ ਹਨ |
ਜ਼ਿਕਰਯੋਗ ਹੈ ਕਿ ਇਹ ਸਫ਼ਲਤਾ ਕਪੂਰਥਲਾ ਪੁਲਿਸ ਵੱਲੋਂ ਬੜਵਾਨੀ, ਮੱਧ ਪ੍ਰਦੇਸ਼ ਤੋਂ ਮੁੱਖ ਸਪਲਾਇਰ ਦੀ ਗਿ੍ਫਤਾਰੀ ਨਾਲ ਇਕ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਈ ਨੈਟਵਰਕ ਦਾ ਪਰਦਾਫਾਸ਼ ਕੀਤੇ ਜਾਣ ਦੇ ਚਾਰ ਦਿਨਾਂ ਬਾਅਦ ਹਾਸਲ ਹੋਈ ਹੈ | ਦੱਸਣਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਪਿਛਲੇ 8 ਮਹੀਨਿਆਂ ਵਿੱਚ ਬੇਨਕਾਬ ਕੀਤਾ ਗਿਆ ਇਹ ਮੱਧ ਪ੍ਰਦੇਸ਼ ਦਾ ਅਜਿਹਾ ਚੌਥਾ ਮਡਿਊਲ ਹੈ | 
ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਕਾਉਂਟਰ ਇੰਟੈਲੀਜੈਂਸ ਅੰਮਿ੍ਤਸਰ ਨੇ 12 ਜੂਨ 2021 ਨੂੰ  ਤਰਨ ਤਾਰਨ ਵਾਸੀ ਹੀਰਾ ਸਿੰਘ ਅਤੇ ਹਰਮਨਦੀਪ ਸਿੰਘ ਨਾਮੀ ਦੋ ਵਿਅਕਤੀਆਂ ਨੂੰ  ਗਿ੍ਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਪਾਸੋਂ ਤਿੰਨ ਦੇਸੀ ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਪੁੱਛ-ਪੜਤਾਲ ਦੌਰਾਨ ਇਹ ਖੁਲਾਸਾ ਹੋਇਆ ਕਿ ਉਨ੍ਹਾਂ ਨੇ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਖਰੀਦੇ ਸਨ |
ਡੀਜੀਪੀ ਦਿਨਕਰ ਗੁਪਤਾ ਨੇ ਦਸਿਆ ਕਿ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਸਮੁੱਚੇ ਮਡਿਊਲ ਦਾ ਪਰਦਾਫਾਸ਼ ਕਰਨ ਲਈ ਇੰਸਪੈਕਟਰ ਇੰਦਰਦੀਪ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਨੂੰ  ਮੱਧ ਪ੍ਰਦੇਸ਼ ਭੇਜਿਆ ਗਿਆ | ਉਨ੍ਹਾਂ ਦਸਿਆ ਕਿ ਮੁੱਢਲੀ ਪੜਤਾਲ ਤੋਂ ਇਹ ਪਤਾ ਚੱਲਿਆ ਕਿ ਇਹ ਹਥਿਆਰ ਪੰਜਾਬ ਦੇ ਵੱਖ-ਵੱਖ ਅਪਰਾਧਿਕ ਗਿਰੋਹਾਂ ਅਤੇ ਹੋਰ ਦੇਸ਼ ਵਿਰੋਧੀ ਅਨਸਰਾਂ ਨੂੰ  ਸਪਲਾਈ ਕੀਤੇ ਜਾਣੇ ਸਨ |
ਇਸ ਸਬੰਧੀ ਅਸਲਾ ਐਕਟ ਦੀ ਧਾਰਾ 25 ਤਹਿਤ ਪੁਲਿਸ ਥਾਣਾ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ, ਅੰਮਿ੍ਤਸਰ ਵਿਖੇ ਐਫ.ਆਈ.ਆਰ. ਨੰਬਰ 15 ਮਿਤੀ 12.06.2021 ਪਹਿਲਾਂ ਹੀ ਦਰਜ ਹੈ |