ਸਿੱਖ ਧਰਮੀ ਫ਼ੌਜੀਆਂ ਨੂੰ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦਾ ਵੱਡਾ ਦੁੱਖ : ਅਮਰੀਕ

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਧਰਮੀ ਫ਼ੌਜੀਆਂ ਨੂੰ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦਾ ਵੱਡਾ ਦੁੱਖ : ਅਮਰੀਕ ਸਿੰਘ

image

ਕੋਟਕਪੂਰਾ, 14 ਜੁਲਾਈ (ਗੁਰਿੰਦਰ ਸਿੰਘ) : ਬਰਗਾੜੀ ਵਿਖੇ ਬੇਅਦਬੀ ਕਾਂਡ ਵਾਪਰਿਆ, ਦੋਸ਼ੀ ਸਾਹਮਣੇ ਆ ਗਏ ਪਰ ਰਾਜਨੀਤਕ ਲੋਕਾਂ ਨੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਬਜਾਇ ਇਸ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜੋ ਕਿ ਅਫ਼ਸੋਸਨਾਕ ਅਤੇ ਦੁਖਦਾਇਕ ਹੀ ਨਹੀਂ ਬਲਕਿ ਸ਼ਰਮਨਾਕ ਵੀ ਹੈ। 
‘ਸਿੱਖ ਧਰਮੀ ਫ਼ੌਜੀ ਐਸੋਸੀਏਸ਼ਨ’ ਦੇ ਚੇਅਰਮੈਨ ਅਮਰੀਕ ਸਿੰਘ ਸਮੇਤ ਜਸਵੀਰ ਸਿੰਘ ਖ਼ਾਲਸਾ ਅਤੇ ਸਰੈਣ ਸਿੰਘ ਬਠਿੰਡਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਭਾਵੇਂ ਕਾਂਗਰਸ, ਭਾਜਪਾ, ਅਕਾਲੀ ਦਲ ਜਾਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਪਰ ਸਿੱਖਾਂ ਨੂੰ ਇਨਸਾਫ਼ ਦੇਣ ਦੀ ਬਜਾਏ ਵਾਰ ਵਾਰ ਲਾਰੇ ਲਾ ਕੇ ਜਾਂਚ ਟੀਮਾਂ ਦਾ ਗਠਨ ਕਰ ਦਿਤਾ ਜਾਂਦਾ ਹੈ, ਇਸ ਨਾਲ ਨਾਲੇ ਤਾਂ ਸਮੇਂ ਦੀਆਂ ਸਰਕਾਰਾਂ ਅਪਣਾ ਸਮਾਂ ਲੰਘਾਉਣ ਵਿਚ ਕਾਮਯਾਬ ਹੋ ਜਾਂਦੀਆਂ ਹਨ ਅਤੇ ਨਾਲੇ ਦੋਸ਼ੀਆਂ ਨੂੰ ਸਜ਼ਾਵਾਂ ਤੋਂ ਬਚਾਉਣ ਦਾ ਰਾਹ ਕੱਢ ਲੈਂਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਤੁਰਤ ਸਜ਼ਾਵਾਂ ਮਿਲ ਜਾਂਦੀਆਂ ਤਾਂ ਉਸ ਤੋਂ ਬਾਅਦ ਅਰਥਾਤ ਅੱਜ ਤਕ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਜ਼ਰੂਰ ਪੈਂਦੀ। 
ਉਨ੍ਹਾਂ ਦੁੱਖ ਪ੍ਰਗਟਾਇਆ ਕਿ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਤਾਂ ਬਾਦਲਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਪਵਿੱਤਰ ਗੁਰਦਵਾਰਿਆਂ ਦੀ ਰਾਖੀ ਲਈ ਬੈਰਕਾਂ ਛੱਡਣ ਵਾਲੇ ਸਿੱਖ ਧਰਮੀ ਫ਼ੌਜੀਆਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਬਹੁਤ ਆਸਾਂ-ਉਮੀਦਾਂ ਸਨ, ਜੋ ਢਹਿ ਢੇਰੀ ਹੋ ਗਈਆਂ। 
ਉਨ੍ਹਾਂ ਆਖਿਆ ਕਿ ਸਿੱਖ ਧਰਮੀ ਫ਼ੌਜੀਆਂ ਨੇ ਅਪਣੇ ਮਾਸੂਮ ਬੱਚਿਆਂ ਅਤੇ ਪ੍ਰਵਾਰ ਦੇ ਭਵਿੱਖ ਦੀ ਪ੍ਰਵਾਹ ਕੀਤੇ ਬਿਨਾਂ ਹੀ ਬੈਰਕਾਂ ਛਡੀਆਂ, ਤਸ਼ੱਦਦ ਝੱਲਿਆ, ਜੇਲਾਂ ਕੱਟੀਆਂ, ਗੁਰਬਤ ਹੰਢਾਈ ਪਰ ਸਿਦਕ ਨਹੀਂ ਛਡਿਆ ਪਰ ਹੁਣ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਵੀ ਜ਼ਿਆਦਾ ਦੁੱਖ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦਾ ਹੈ।