ਅਕਾਲੀ ਦਲ ਦਾ ਭਾਜਪਾ ਨਾਲੋਂ ਵੱਖ ਹੋਣਾ ਅਤੇ ਭੋਲਾ ਦੀ 'ਆਪ' ਪਾਰਟੀ 'ਚ ਵਾਪਸੀ

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਦਲ ਦਾ ਭਾਜਪਾ ਨਾਲੋਂ ਵੱਖ ਹੋਣਾ ਅਤੇ ਭੋਲਾ ਦੀ 'ਆਪ' ਪਾਰਟੀ 'ਚ ਵਾਪਸੀ

image

ਨੇ ਲੁਧਿਆਣਾ ਈਸਟ ਹਲਕੇ ਦੀ ਸਿਆਸੀ ਫਿਜ਼ਾ ਨੂੰ  ਬਣਾਇਆ ਰੌਚਕ

ਪ੍ਰਮੋਦ ਕੌਸ਼ਲ
ਲੁਧਿਆਣਾ, 14 ਜੁਲਾਈ: ਵਿਧਾਨ ਸਭਾ ਚੋਣਾਂ ਲਈ ਜਿਵੇਂ ਜਿਵੇਂ ਸਮਾਂ ਘੱਟ ਰਹਿੰਦਾ ਜਾ ਰਿਹਾ ਹੈ ਉਵੇਂ ਉਵੇਂ ਹੀ ਹੁਣ ਸਿਆਸੀ ਸਰਗਰਮੀਆਂ ਰਫ਼ਤਾਰ ਫੜਦੀਆਂ ਜਾ ਰਹੀਆਂ ਹਨ | ਹਾਲਾਂਕਿ ਕੋਰੋਨਾ ਦੇ ਚਲਦਿਆਂ ਇਨ੍ਹਾਂ ਸਰਗਰਮੀਆਂ ਦੀ ਰਫ਼ਤਾਰ ਥੋੜ੍ਹੀ ਮੱਠੀ ਤਾਂ ਜ਼ਰੂਰ ਹੈ ਪਰ ਬਾਵਜੂਦ ਇਸ ਦੇ ਸਾਰੀਆਂ ਹੀ ਸਿਆਸੀ ਧਿਰਾਂ ਖ਼ੂਬ ਜ਼ੋਰਾਂ ਸ਼ੋਰਾਂ ਨਾਲ ਆਪੋ ਅਪਣੀਆਂ ਤਿਆਰੀਆਂ ਵਿਚ ਜੁਟ ਗਈਆਂ ਹਨ ਅਤੇ ਸਾਰੇ ਹੀ ਸਿਆਸੀ ਆਗੂ ਵੀ ਹੁਣ ਤੋਂ ਹੀ ਟਿਕਟ ਲਈ ਅਪਣੀ ਜੋੜ ਤੋੜ ਵਿਚ ਲੱਗ ਗਏ ਹਨ | ਗੱਲ ਲੁਧਿਆਣਾ ਈਸਟ ਹਲਕੇ ਦੀ ਕਰਨ ਜਾ ਰਹੇ ਹਾਂ ਅਤੇ ਇਹ ਗੱਲ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਲੁਧਿਆਣਾ ਈਸਟ ਹਲਕੇ ਵਿਚ ਵੱਡੀ ਸਿਆਸੀ ਹਲਚਲ ਹੋਈ ਹੈ | ਦਰਅਸਲ ਮੰਗਲਵਾਰ ਨੂੰ  ਲੁਧਿਆਣਾ ਈਸਟ ਹਲਕੇ ਦੇ ਕਾਂਗਰਸੀ ਆਗੂ ਦਲਜੀਤ ਸਿੰਘ ਗਰੇਵਾਲ ਮੁੜ ਤੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ | 
ਦਸਣਯੋਗ ਹੈ ਕਿ ਗਰੇਵਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਤੋਂ ਹੀ ਚੋਣ ਲੜੇ ਸਨ ਅਤੇ ਸਿਰਫ਼ 1581 ਵੋਟਾਂ ਨਾਲ ਕਾਂਗਰਸ ਦੇ ਉਮੀਦਵਾਰ ਸੰਜੇ ਤਲਵਾੜ ਤੋਂ ਚੋਣ ਹਾਰ ਗਏ ਸੀ ਅਤੇ ਫਿਰ ਬਾਅਦ ਵਿਚ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ ਸੀ | 2017 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਸੰਜੇ ਤਲਵਾੜ ਨੂੰ  43018 ਜਦਕਿ ਆਮ ਆਦਮੀ ਪਾਰਟੀ ਤੋਂ ਦਲਜੀਤ ਸਿਮਘ ਗਰੇਵਾਲ ਨੂੰ  41429 ਵੋਟਾਂ ਪਈਆਂ ਸੀ | ਉਸ ਸਮੇਂ ਦੇ ਮੌਜੂਦਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੂੰ  ਇਸ ਸੀਟ ਤੋਂ 41313 ਵੋਟਾਂ ਪਈਆਂ ਸੀ ਜੋਕਿ ਤੀਸਰੇ ਨੰਬਰ ਤੇ ਆਏ ਸੀ | ਹਾਲਾਂਕਿ ਇਹ ਵੀ ਪਤਾ ਲੱਗਿਆ ਹੈ ਕਿ ਕਾਂਗਰਸ ਵਿਚ ਉਨ੍ਹਾਂ ਦੀ ਵਿਧਾਇਕ ਸੰਜੇ ਤਲਵਾੜ ਨਾਲ ਬਾਹਲੀ ਬਣਦੀ ਨਹੀਂ ਸੀ ਜਿਸ ਕਰ ਕੇ ਉਨ੍ਹਾਂ ਆਮ ਆਦਮੀ ਪਾਰਟੀ ਵਿਚ ਵਾਪਸੀ ਕੀਤੀ ਹੈ | 
ਉਧਰ, ਗਰੇਵਾਲ ਦੀ ਵਾਪਸੀ ਦੇ ਨਾਲ ਲੁਧਿਆਣਾ ਈਸਟ ਹਲਕੇ ਦੇ ਸਿਆਸੀ ਸਮੀਕਰਨ ਕਾਫ਼ੀ ਰੌਚਕ ਹੁੰਦੇ ਨਜ਼ਰ ਆ ਰਹੇ ਹਨ ਕਿਉਂਕਿ ਉਸ ਸਮੇਂ ਅਕਾਲੀ-ਭਾਜਪਾ ਗਠਜੋੜ ਸੀ ਜੋ ਕਿ ਹੁਣ ਨਹੀਂ ਹੈ, ਇਸ ਲਈ ਇਸ ਵਾਰ ਇਸ ਸੀਟ ਤੋਂ ਭਾਜਪਾ ਵਖਰੇ ਤੌਰ 'ਤੇ ਚੋਣ ਮੈਦਾਨ ਵਿਚ ਹੋਵੇਗੀ ਜੋ ਕਿ ਅਕਾਲੀ ਦਲ ਲਈ ਸ਼ਾਇਦ ਮਾਫਕ ਨਹੀਂ ਰਹਿਣ ਵਾਲਾ ਕਿਉਂਕਿ ਲੁਧਿਆਣਾ ਈਸਟ ਹਲਕਾ ਨਿਰੋਲ ਸ਼ਹਿਰੀ ਹਲਕਾ ਹੈ ਅਤੇ ਸ਼ਹਿਰੀ ਹਲਕਿਆਂ ਵਿਚ ਭਾਜਪਾ ਜਿੱਤਣ ਲਈ ਪੂਰਾ ਜ਼ੋਰ ਲਾਵੇਗੀ ਕਿਉਂਕਿ ਖੇਤੀ ਕਾਨੂੰਨਾਂ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿਚ ਭਾਜਪਾ ਦੇ ਜੋ ਹਾਲਾਤ ਹਨ ਉਹ ਕਿਸੇ ਤੋਂ ਲੁਕੀ ਹੋਈ ਨਹੀਂ | ਹਾਲਾਂਕਿ ਭਾਜਪਾ ਦਾ ਵਿਰੋਧ ਸ਼ਹਿਰੀ ਖੇਤਰਾਂ ਵਿਚ ਵੀ ਹੈ ਪਰ ਫਿਰ ਵੀ ਭਾਜਪਾ ਸ਼ੁਰੂ ਤੋਂ ਹੀ ਸ਼ਹਿਰੀ ਖੇਤਰਾਂ ਵਿਚ ਅਪਣੇ ਆਪ ਨੂੰ  ਮਜ਼ਬੂਤ ਮੰਨਦੀ ਹੈ | ਇਸ ਲਈ ਇਸ ਸੀਟ ਤੇ ਮੁਕਾਬਲ ਦਿਲਚਸਪ ਹੋਵੇਗਾ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਹੁਣ ਜੇਕਰ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਕਾਂਗਰਸ ਤੋਂ ਸੰਜੇ ਤਲਵਾੜ, ਆਮ ਆਦਮੀ ਪਾਰਟੀ ਤੋਂ ਦਲਜੀਤ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਤੋਂ ਰਣਜੀਤ ਸਿੰਘ ਢਿੱਲੋਂ ਮਜ਼ਬੂਤ ਦਾਅਵੇਦਾਰ ਹਨ ਤਾਂ ਭਾਜਪਾ ਵਲੋਂ ਸੁਖਮਿੰਦਰਪਾਲ ਸਿੰਘ ਗਰੇਵਾਲ ਇਸ ਸੀਟ ਤੋਂ ਮਜ਼ਬੂਤੀ ਨਾਲ ਅਪਣਾ ਦਾਅਵਾ ਰੱਖ ਰਹੇ ਹਨ | 

Ldh_Parmod_14_2: ਸੰਜੇ ਤਲਵਾੜ
Ldh_Parmod_14_2 1: ਦਲਜੀਤ ਸਿੰਘ ਗਰੇਵਾਲ
Ldh_Parmod_14_2 2: ਰਣਜੀਤ ਸਿੰਘ ਢਿੱਲੋਂ
Ldh_Parmod_14_2 3: ਸੁਖਮਿੰਦਰਪਾਲ ਸਿੰਘ ਗਰੇਵਾਲ