ਗੁਰਸਿੱਖ ਨੌਜਵਾਨ ਨੇ ਅੱਖਾਂ ਤੋਂ ਸੱਖਣੀ ਕੁੜੀ ਨਾਲ ਲਈਆਂ ਲਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੋੜੇ ਨੇ ਲਈਆਂ ਲਾਵਾਂ, ਗੁਰ ਮਰਿਆਦਾ ਅਨੁਸਾਰ ਕਰਵਾਇਆ ਵਿਆਹ

The Gursikh youth took the lava with the blind girl

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ)  ਕਹਿੰਦੇ ਹਨ ਕਿ ਪਰਮਾਤਮਾ ਕਿਸੇ ਨਾ ਕਿਸੇ ਰੂਪ 'ਚ ਆ ਕੇ ਬਾਂਹ ਫੜ ਲੈਂਦਾ ਹੈ। ਕੁਝ ਅਜਿਹਾ ਹੀ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ।

ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਹੋਵੇਗਾ ਅਤੇ ਉਸ ਨੂੰ ਮਾਨ-ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲੇਗਾ।  ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਜਦੋਂ ਅਮਨਦੀਪ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੇਖੀ ਤਾਂ ਉਸ ਨੇ ਅਮਨਦੀਪ ਨੂੰ ਅਪਨਾਉਣ ਦਾ ਮਨ ਬਣਾਇਆ।

 

ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੇ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਨੇ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੌਸ਼ਨੀ ਨਾ ਹੋਣਾ ਹੀ ਸੱਭ ਕੁਝ ਨਹੀਂ ਹੁੰਦਾ, ਸਗੋਂ ਉਹ ਇਨਸਾਨ ਦੀ ਚੰਗਿਆਈ ਨੂੰ ਵੇਖ ਕੇ ਉਸ ਵੱਲ ਆਕਰਸ਼ਿਤ ਹੋਏ ਹਨ।

ਅਮਨਦੀਪ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ। ਵਾਹਿਗੁਰੂ ਦੀ ਕਿਰਪਾ ਸਦਕਾ ਉਸ ਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ। ਅਮਨਦੀਪ ਕੌਰ ਦੇ ਚਿਹਰੇ ਦੀ ਖੁਸ਼ੀ ਵੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰਮਾਤਮਾ ਨੇ ਉਸ ਦੀ ਝੋਲੀ 'ਚ ਕਿੰਨੀ ਵੱਡੀ ਖੁਸ਼ੀ ਪਾਈ ਹੈ।

ਕਿਹਾ ਜਾਂਦਾ ਹੈ ਕਿ ਜੋੜੀਆਂ ਪਰਮਾਤਮਾ ਬਣਾਉਂਦਾ ਹੈ। ਨੌਜਵਾਨ ਹਰਦੀਪ ਨੇ ਅਮਨਦੀਪ ਦੀ ਬਾਂਹ ਫੜ ਕੇ ਸਮਾਜ ਨੂੰ ਸੇਧ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ। ਸਾਡੀ ਇਹੀ ਅਰਦਾਸ ਹੈ ਕਿ ਪਰਮਾਤਮਾ ਦਾ ਮੇਹਰ ਭਰਿਆ ਹੱਥ ਇਹ ਜੋੜੇ 'ਤੇ ਹਮੇਸ਼ਾ ਬਣਿਆ ਰਹੇ।