ਮਾਂ ਨੇ ਸੰਗਲਾਂ ਨਾਲ ਬੰਨ੍ਹਿਆ ਨਸ਼ੇੜੀ ਪੁੱਤ, ਘਰ ਦੇ ਦਰਵਾਜ਼ੇ ਤੱਕ ਦਿੱਤੇ ਵੇਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਓ ਦੀ ਸਦਮੇ ‘ਚ ਹੋਈ ਮੌਤ

The mother chained the drug addicted son

ਮੋਗਾ(ਦਲੀਪ ਕੁਮਾਰ)   ਕਹਿੰਦੇ ਹਨ ਮਾਂਵਾਂ ਆਪਣੇ ਬੱਚਿਆਂ ਨੂੰ ਤੱਤੀ ਵਾਅ ਤੱਕ ਨਹੀਂ ਲੱਗਣ ਦਿੰਦੀਆਂ ਭਾਂਵੇ ਮਾਂ ਨੂੰ ਖੁਦ ਦੁੱਖ ਕਿਉਂ ਨਾ ਝੱਲਣੇ ਪੈਣ ਉਹ ਆਪਣੇ ਬੱਚਿਆਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਦੀਆਂ ਹਨ ਪਰ ਮੋਗਾ ਜ਼ਿਲੇ ਦੇ ਅਧੀਨ ਪੈਂਦੇ ਪਿੰਡ ਭਿੰਡਰ ਕਲਾਂ ਵਿੱਚ ਇੱਕ ਮਾਂ ਆਪਣੇ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਦੀ ਹੈ ਕਿਉਂਕਿ ਉਸ ਦਾ ਪੁੱਤਰ ਗ਼ਲਤ ਸੰਗਤ ਕਾਰਨ ਪਿਛਲੇ ਦਸ ਸਾਲ ਤੋਂ ਨਸ਼ੇ ਦਾ ਆਦੀ ਹੈ।

ਉਸ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਣ ਲਈ ਉਸਦੀ ਮਾਂ  ਉਸਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਦੀ ਹੈ ਤਾਂ ਕਿ ਉਹ ਠੀਕ ਹੋ ਕੇ ਆਪਣੇ ਪਰਿਵਾਰ ਦਾ ਸਹਾਰਾ ਬਣ ਸਕੇ।  ਨੌਜਵਾਨ ਦਾ ਨਾਮ ਜਗਤਾਰ ਸਿੰਘ ਤੇ ਉਮਰ ਤਕਰੀਬਨ 27-28 ਸਾਲ ਦੀ ਹੈ। ਜਗਤਾਰ ਨੇ ਨਸ਼ਾ ਕਰਨ ਲਈ ਆਪਣੇ ਘਰ ਦਾ ਸਾਰਾ ਸਾਮਾਨ ਵੇਚ ਦਿੱਤਾ। ਇੱਥੋਂ ਤਕ ਕਿ ਘਰ 'ਚ ਕਮਰਿਆਂ ਨੂੰ ਲੱਗੇ ਦਰਵਾਜ਼ੇ ਅਤੇ ਪਾਣੀ ਦੀ ਮੋਟਰ ਵੀ ਵੇਚ ਦਿੱਤੀ।

ਅਕਸਰ ਹੀ ਜਗਤਾਰ ਸਿੰਘ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ ਜਿਸ ਦੇ ਚਲਦਿਆਂ ਉਸ ਦੀ ਪਤਨੀ ਵੀ ਉਸ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ ਅਤੇ ਆਪਣੇ ਇੱਕ ਬੱਚੇ ਨੂੰ ਨਾਲ ਲੈ ਗਈ ਤੇ ਦੂਸਰੇ ਬੱਚੇ ਨੂੰ ਛੱਡ ਗਈ। ਦੂਸਰੇ ਬੱਚੇ ਦੀ ਦੇਖਭਾਲ ਜਗਤਾਰ ਦੀ ਮਾਂ ਕਰਦੀ ਹੈ। ਉੱਥੇ ਹੀ ਜਗਤਾਰ ਦੇ ਪਿਤਾ ਦਾ ਸਦਮੇ ਕਾਰਨ ਇਕ ਮਹੀਨੇ ਪਹਿਲਾਂ ਉਸ ਦੀ ਮੌਤ ਹੋ ਗਈ ਸੀ।

 ਬੇਵੱਸ ਮਾਂ ਆਪਣੇ ਪੁੱਤਰ ਅਤੇ ਪੋਤੇ ਨੂੰ ਸੰਭਾਲਦੀ ਹੈ। ਜਗਤਾਰ ਦੀ ਮਾਂ ਨੇ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਕਿਹਾ ਕਿ ਉਹ ਪਿੰਡ ਦੇ ਕੁੱਝ ਘਰਾਂ ਚ ਕੰਮ ਕਰਦੀ ਹਾਂ  ਤਾਂ ਜਾ ਕੇ ਉਸ ਦੇ ਘਰ ਦਾ ਚੁੱਲ੍ਹਾ ਬਲ ਸਕੇ।

ਜਦੋਂ ਜਗਤਾਰ ਦੇ ਹਾਲਾਤਾਂ ਬਾਰੇ ਵਿਚ ਪਿੰਡ ਦੇ ਟਿੱਕ ਟਾਕ ਸਟਾਰ ਸੰਦੀਪ ਤੂਰ ਨੂੰ ਪਤਾ ਲੱਗਿਆ ਤਾਂ ਉਸ ਨੇ ਇਸ ਨੌਜਵਾਨ ਦੀ ਮਦਦ ਕਰਨ ਦਾ ਜਿੰਮਾ ਚੁੱਕਿਆ। ਟਿੱਕ ਟਾਕ ਸਟਾਰ ਸੰਦੀਪ ਨੇ ਆਮ ਲੋਕਾਂ ਨੂੰ ਜਗਤਾਰ ਦੇ ਇਲਾਜ ਲਈ ਅੱਗੇ ਆਉਣ ਦੀ ਅਪੀਲ ਕੀਤੀ । ਨੂਰ ਨੇ ਨੌਜਵਾਨ ਦਾ ਨਸ਼ਾ ਛੁਡਵਾਉਣ ਲਈ ਮੋਗਾ ਦੇ ਡੀ ਐੱਸ ਪੀ  ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ। 

 ਜਿਸ ਦੇ ਚਲਦੇ ਡੀਐੱਸਪੀ ਸੁਖਵਿੰਦਰ ਸਿੰਘ ਨੇ ਪਿੰਡ ਵਿਚ ਜਾ ਕੇ ਨੌਜਵਾਨ ਦੀ ਹਾਲਤ ਦੇਖੀ ਤਾਂ ਉਨ੍ਹਾਂ ਨੇ ਇਸ ਨੌਜਵਾਨ ਦੀ ਮਦਦ ਕਰਨ  ਦੀ ਜ਼ਿੰਮੇਵਾਰੀ ਚੁੱਕੀ। ਡੀ ਐਸ ਪੀ ਸੁਖਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਦ ਉਨਾਂ ਨੇ ਨੌਜਵਾਨ ਦੇ ਘਰ ਵਿੱਚ ਜਾ ਕੇ ਦੇਖਿਆ ਤਾਂ ਹਾਲਾਤ ਬਹੁਤ ਤਰਸ ਯੋਗ ਸਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ  ਨਸ਼ੇ ਦੀ ਦਲਦਲ ਤੋਂ ਬਚਣ, ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਉਨਾਂ ਨਾਲ ਸੰਪਰਕ ਕਰ ਸਕਦਾ ਹੈ।