ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ
ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ
ਮੋਤੀ ਮਹਿਲ ਨੇੜੇ ਲਾਠੀਚਾਰਜ 'ਚ ਕਈ ਬੇਰੁਜ਼ਗਾਰ ਅਧਿਆਪਕ ਹੋਏ ਗੰਭੀਰ ਜ਼ਖ਼ਮੀ
ਪਟਿਆਲਾ, 14 ਜੁਲਾਈ (ਅਵਤਾਰ ਸਿੰਘ ਗਿੱਲ) : ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ.ਟੀ.ਟੀ ਟੈੱਟ ਪਾਸ ਅਧਿਆਪਕਾਂ 'ਤੇ ਮੋਤੀ ਮਹਿਲ ਨੇੜੇ ਪੁਲਿਸ ਵਲੋਂ ਅੱਜ ਫਿਰ ਲਾਠੀਚਾਰਜ ਕੀਤਾ ਗਿਆ ਹੈ |
ਲਾਠੀਚਾਰਜ ਦੌਰਾਨ ਕਾਫ਼ੀ ਅਧਿਆਪਕਾਂ ਦੇ ਸੱਟਾਂ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਵੀ ਹੋਏ ਅਤੇ ਪ੍ਰਦਰਸ਼ਨਕਾਰੀਆਂ ਵਲੋਂ ਪੁਲਿਸ 'ਤੇ ਹੱਕ ਮੰਗੇ ਜਾਣ 'ਤੇ ਡਾਂਗਾ ਵਰਾਉਣ ਅਤੇ ਕਈ ਮਹਿਲਾ ਪ੍ਰਦਰਸ਼ਨਕਾਰੀਆਂ ਦੇ ਡਾਂਗਾ ਮਾਰਨ ਅਤੇ ਹੱਥੋਪਾਈ ਦੇ ਇਲਜ਼ਾਮ ਵੀ ਲਗਾਏ ਗਏ | ਉਨ੍ਹਾਂ ਦਾ ਕਹਿਣਾ ਸੀ ਕਿ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਮਹਿਲਾ ਪੁਲਿਸ ਘੱਟ ਹੋਣ ਕਾਰਨ ਪੁਰਸ਼ ਪੁਲਿਸ ਮੁਲਾਜ਼ਮਾਂ ਵਲੋਂ ਖਿੱਚ-ਧੂਹ ਕਰ ਕੇ ਕੁੱਟਮਾਰ ਕਰਨ ਦੇ ਇਲਜ਼ਾਮ ਵੀ ਲਗਾਏ ਪ੍ਰੰਤੂ ਬੇਰੁਜ਼ਗਾਰ ਅਧਿਆਪਕਾਂ ਦੇ ਹੌਸਲੇ ਬੁਲੰਦ ਨਜ਼ਰ ਆਏ |
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਗਰੂਰ 'ਚ ਡੀਸੀ ਦਫ਼ਤਰ ਦੇ ਬਾਹਰ ਲਗਾਤਾਰ ਛੇ ਮਹੀਨਿਆਂ ਤੋਂ ਧਰਨਾ ਦੇ ਰਹੇ ਹਨ ਤੇ ਦੂਜੇ ਪਾਸੇ 116 ਦਿਨਾਂ ਤੋਂ ਪਟਿਆਲਾ ਟਾਵਰ ਉੱਪਰ ਬੈਠੇ ਸੁਰਿੰਦਰਪਾਲ ਦੀ ਸਿਹਤ ਵਿਗੜਨ ਦੇ ਬਾਵਜੂਦ ਟਾਵਰ ਉੱਪਰ ਡਟਿਆ ਹੋਇਆ ਹੈ | 7 ਜੁਲਾਈ ਨੂੰ ਹੋਈ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਪੈਨਲ ਮੀਟਿੰਗ 'ਚ ਇਹ ਭਰੋਸਾ ਦਿਤਾ ਗਿਆ ਸੀ ਕਿ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ 14 ਜੁਲਾਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿਚ ਮੰਨ ਲਈਆਂ ਜਾਣਗੀਆਂ, ਪਰ ਅਜੇ ਤਕ ਕੋਈ ਵੀ ਕੈਬਨਿਟ ਮੀਟਿੰਗ ਨਹੀਂ ਹੋਈ | ਰੋਸ ਵਜੋਂ ਬੇਰੁਜ਼ਗਾਰ ਅਧਿਆਪਕ ਲੀਲਾ ਭਵਨ 'ਚ ਇਕੱਠੇ ਹੋਏ ਜਿਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਵਲੋਂ ਉਥੋਂ ਰੋਸ ਮਾਰਚ ਸ਼ੁਰੂ ਕੀਤਾ ਗਿਆ, ਜਦੋਂ ਪਟਿਆਲਾ ਪ੍ਰਸ਼ਾਸਨ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਲਈ ਵਾਈਪੀਐਸ ਚੌਕ ਦੇ ਉਪਰ ਖੜਾ ਸੀ ਤਾਂ ਬੇਰੁਜ਼ਗਾਰ ਅਧਿਆਪਕਾਂ ਨੇ ਪ੍ਰਸ਼ਾਸਨ ਨੂੰ ਭੁਲੇਖਾ ਪਾਉਂਦੇ ਹੋਏ ਆਯੁਰਵੈਦਿਕ ਕਾਲਜ ਵਲੋਂ ਗੁਰਦੁਆਰਾ ਮੋਤੀਬਾਗ ਸਾਹਿਬ ਦੇ ਰਸਤਿਉਂ ਮੋਤੀ ਮਹਿਲ ਦਾ ਘਿਰਾਉ ਕਰਨ ਦਾ ਐਲਾਨ ਕਰ ਦਿਤਾ, ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਅਤੇ ਜ਼ਿਆਦਾ ਪੁਲਿਸ ਮੁਲਾਜ਼ਮ ਦੇ ਸਾਹ ਫੁੱਲੇ ਨਜ਼ਰ ਆਏ, ਕਿਉਂਕਿ ਜੋ ਇੰਤਜਾਮ ਪੁਲਿਸ ਨੇ ਬੇਰੁਜ਼ਗਾਰਾਂ ਨੂੰ ਰੋਕਣ ਲਈ ਵਾਈ.ਪੀ.ਐਸ. ਚੌਂਕ ਵਿਖੇ ਕੀਤੇ ਸਨ, ਉਹ ਇਕ ਦਮ ਤੋਂ ਬਦਲ ਕੇ ਕਰੀਬਨ ਇਕ ਕਿਲੋਮੀਟਰ ਦੂਰ ਗੁਰਦੁਆਰਾ ਸਾਹਿਬ ਮੋਤੀ ਬਾਗ ਵਾਲੇ ਰਸਤੇ ਤੇ ਤਾਇਨਾਤ ਕਰਨੇ ਪਏ, ਜਿਸ ਵਿੱਚ ਅੱਧ-ਪਚੱਧੇ ਪੁਲਿਸ ਮੁਲਾਜ਼ਮ ਹੀ ਉਸ ਪੁਆਇੰਟ 'ਤੇ ਪੁੱਜ ਸਕੇ, ਜਿਸ ਕਰ ਕੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣਾ ਵੱਡੀ ਚੁਣੌਤੀ ਬਣ ਗਿਆ, ਜਦੋਂ ਬੇਰੁਜ਼ਗਾਰ ਅਧਿਆਪਕ ਬੈਰੀਕੇਡ ਉਖਾੜਦੇ ਦੂਜੇ ਬੈਰੀਕੇਡ 'ਤੇ ਜਾ ਪਹੁੰਚੇ ਤਾਂ ਪੁਲਿਸ ਵਲੋਂ ਇਨ੍ਹਾਂ ਅਧਿਆਪਕਾਂ 'ਤੇ ਭਾਰੀ ਲਾਠੀਚਾਰਜ ਕਰ ਦਿਤਾ ਗਿਆ | ਇਸ ਮੌਕੇ ਮੌਜੂਦ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਸਮੇਤ ਹੋਰਨਾਂ ਨੇ ਕਿਹਾ ਕਿ ਲਗਾਤਾਰ ਦੋ ਮਹੀਨਿਆਂ ਤੋਂ ਮੀਟਿੰਗਾਂ 'ਚ ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਮੰਗਾਂ ਮੰਨਣ ਦਾ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਤਾਕਿ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਮਕਾਇਆ ਜਾ ਸਕੇ |
ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਧਿਆਪਕ ਪੰਜਾਬ ਸਰਕਾਰ ਦੇ ਹੁਣ ਕਿਸੇ ਵੀ ਲਾਰੇ ਵਿਚ ਨਹੀਂ ਆਉਣਗੇ ਅਤੇ ਨਾਲ ਹੀ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਨਾਲ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਵਲੋਂ ਉਨ੍ਹਾਂ ਨਾਲ ਜੋ ਸਲੂਕ ਕੀਤਾ ਜਾ ਰਿਹਾ ਹੈ, 2022 ਦੀਆਂ ਚੋਣਾਂ ਸਿਰ 'ਤੇ ਹਨ ਜਦੋਂ ਉਨ੍ਹਾਂ ਦੇ ਵਿਧਾਇਕ ਅਤੇ ਆਗੂ ਉਨ੍ਹਾਂ ਦੇ ਪਿੰਡ ਪਹੁੰਚਣਗੇ ਤਾਂ ਉਨ੍ਹਾਂ ਦਾ ਸਵਾਗਤ ਵੀ ਇਸੇ ਤਰ੍ਹਾਂ ਕੀਤਾ ਜਾਵੇਗਾ ਨਾਲ ਹੀ ਜੋ ਵਾਅਦਿਆਂ ਤੋਂ ਮੁਕਰੀ ਸਰਕਾਰ ਹੈ, ਉਸ ਨੂੰ ਚੋਣਾਂ ਵਿਚ ਇਸ ਦਾ ਕਰਾਰਾ ਜਵਾਬ ਦਿਤਾ ਜਾਵੇਗਾ |
ਫੋਟੋ ਨੰ: 14 ਪੀਏਟੀ 11
ਬੇਰੁਜ਼ਗਾਰ ਅਧਿਆਪਕ ਨੂੰ ਕੁੱਟਦੇ ਹੋਏ ਪੁਲਸ ਮੁਲਾਜ਼ਮ ਨਾਲ ਦੌੜ ਲਗਾ ਕੇ ਅਧਿਆਪਕਾਂ ਤੋਂ ਨਾਕਾ ਰੋਕਣ ਦੀ ਕੋਸ਼ਿਸ਼ ਕਰਦੇ ਪੁਲਸ ਮੁਲਾਜ਼ਮ ਹੇਠਾਂ ਇਕੱਠ 'ਤੇ ਲਾਠੀਆਂ ਵਰਾਉਂਦੀ ਪੁਲਸ ਨਾਲ ਮਹਿਲਾ ਅਧਿਆਪਕ ਦੇ ਮੂੰਹ 'ਤੇ ਡੰਡਾ ਮਾਰਨ ਦੀ ਕੋਸ਼ਿਸ਼ ਕਰਦੀ ਮਹਿਲਾ ਪੁਲਸ ਮੁਲਾਜ਼ਮ | ਫੋਟੋ : ਅਜੇ