ਲੁਧਿਆਣਾ ਇੰਪਰੂਵਮੈਂਟ ਟਰੱਸਟ ਦੀ EO ਕੁਲਜੀਤ ਕੌਰ ਤੇ ਕਲਰਕ ਹਰਮੀਤ ਨੂੰ 2 ਦਿਨ ਦੇ ਰਿਮਾਂਡ 'ਤੇ ਭੇਜਿਆ

ਏਜੰਸੀ

ਖ਼ਬਰਾਂ, ਪੰਜਾਬ

ਵਿਜੀਲੈਂਸ ਕਈ ਮਾਮਲਿਆਂ ਵਿੱਚ ਪੁੱਛਗਿੱਛ ਕਰੇਗੀ

Harmeet Singh, Kuljeet Kaur

ਲੁਧਿਆਣਾ - ਪੰਜਾਬ ਵਿਜੀਲੈਂਸ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੀ ਈਓ ਕੁਲਜੀਤ ਕੌਰ ਅਤੇ ਕਲਰਕ ਹਰਮੀਤ ਨੂੰ ਸਿਵਲ ਹਸਪਤਾਲ ਵਿਚ ਮੈਡੀਕਲ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ। ਦੋਵਾਂ ਨੂੰ ਵੀਰਵਾਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ ਗਿਆ। ਵਿਜੀਲੈਂਸ ਅਦਾਲਤ ਤੋਂ ਦੋਵਾਂ ਦਾ ਰਿਮਾਂਡ ਮੰਗਿਆ ਗਿਆ ਸੀ। ਪੇਸ਼ੀ ਤੋਂ ਬਾਅਦ ਅਦਾਲਤ ਨੇ ਉਹਨਾਂ ਨੂੰ ਦੋ ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਵਿਜੀਲੈਂਸ ਨੂੰ ਭਰੋਸਾ ਹੈ ਕਿ ਦੋਵਾਂ ਤੋਂ ਪੁੱਛਗਿੱਛ 'ਚ ਕਈ ਵੱਡੇ ਮਾਮਲਿਆਂ ਦਾ ਪਰਦਾਫਾਸ਼ ਹੋ ਸਕਦਾ ਹੈ।

Harmeet Singh

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਾਜ਼ਮ ਹਰਮੀਤ ਸਿੰਘ ਨੂੰ ਸਤਨਾਮ ਸਿੰਘ ਵਾਸੀ ਲੁਧਿਆਣਾ ਦੀ ਸ਼ਿਕਾਇਤ 'ਤੇ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਸੀ ਕਿ ਕਰਮਚਾਰੀ ਹਰਮੀਤ ਸਿੰਘ, ਜੂਨੀਅਰ ਸਹਾਇਕ, ਇੰਪਰੂਵਮੈਂਟ ਟਰੱਸਟ ਨੇ ਉਸ ਨੂੰ 'ਵਨ ਟਾਈਮ ਸੈਟਲਮੈਂਟ' (ਟੀ.ਐਸ.) ਸਕੀਮ ਤਹਿਤ ਕੇਸ ਦੇ ਨਿਪਟਾਰੇ ਲਈ ਉਸ ਤੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।

ਉਹਨਾਂ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਹਰਮੀਤ ਸਿੰਘ ਨੇ ਉਸ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਾਰਜਸਾਧਕ ਅਫਸਰ (ਈਓ), ਇੰਪਰੂਵਮੈਂਟ ਟਰੱਸਟ ਤੋਂ ਵੀ ਕੰਮ ਕਰਵਾਉਣ ਦਾ ਇੰਤਜ਼ਾਮ ਕਰੇਗਾ ਅਤੇ ਆਪਣਾ ਕੰਮ ਕਰਵਾ ਦੇਵੇਗਾ। ਸ਼ਿਕਾਇਤਕਰਤਾ ਦੀ ਸੂਚਨਾ 'ਤੇ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਸ਼ਾਖਾ ਪੰਜਾਬ, ਲੁਧਿਆਣਾ ਵੱਲੋਂ ਤਿੰਨ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਕਰਮਚਾਰੀ ਹਰਮੀਤ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਦੀ ਰਾਸ਼ੀ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ।

Kuljeet kaur

ਰਿਸ਼ਵਤ ਲੈਣ ਸਮੇਂ ਈ.ਓ., ਇੰਪਰੂਵਮੈਂਟ ਟਰੱਸਟ ਕੁਲਜੀਤ ਕੌਰ ਵੀ ਜੂਨੀਅਰ ਸਹਾਇਕ ਦੇ ਨਾਲ ਮੌਜੂਦ ਸੀ, ਇਸ ਲਈ ਉਸ ਨੂੰ ਵੀ ਹਰਮੀਤ ਸਿੰਘ ਸਮੇਤ ਕਾਬੂ ਕੀਤਾ ਗਿਆ। ਪੁਲਿਸ ਨੇ ਅੱਜ ਉਹਨਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ।