10 ਰੁਪਏ ਦੀ ਸਵਾਰੀ ਪਿੱਛੇ ਆਟੋ ਚਾਲਕਾਂ ’ਚ ਖੂਨੀ ਝੜਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਹੰਗ ਸਿੰਘ ਆਟੋ ਚਾਲਕ ਨੇ ਕੱਢ ਲਈ ਤਲਵਾਰ, ਲਹੂ ਲੁਹਾਣ ਕੀਤਾ ਦੂਜਾ ਆਟੋ ਚਾਲਕ

photo

 

ਲੁਧਿਆਣਾ (ਰਮਨਦੀਪ ਕੌਰ ਸੈਣੀ) : ਲੁਧਿਆਣਾ ਦੇ ਬੱਸ ਅੱਡੇ 'ਤੇ 10 ਰੁਪਏ ਦੀ ਸਵਾਰੀ ਨੂੰ ਲੈ ਕੇ ਨਿਹੰਗ ਸਿੰਘ ਆਟੋ ਚਾਲਕ ਤੇ ਦੂਜੇ ਆਟੋ ਚਾਲਕ ਵਿਚਾਲੇ ਖੂਨੀ ਝੜਪ ਹੋ ਗਈ। ਇਸ ਦੌਰਾਨ ਨਿਹੰਗ ਸਿੰਘ ਨੇ ਦੂਜੇ ਆਟੋ ਚਾਲਕ ’ਤੇ ਤਲਵਾਰ ਨਾਲ ਹਮਲਾ ਕਰ ਦਿਤਾ। 

ਗੰਭੀਰ ਰੂਪ ਵਿਚ ਜ਼ਖ਼ਮੀ ਆਟੋ ਚਾਲਕ ਨੂੰ ਸੀ. ਐੱਮ. ਸੀ. ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਨਿਹੰਗ ਸਿੰਘ ਸੰਦੀਪ ਸਿੰਘ ਅਤੇ ਜ਼ਖ਼ਮੀ ਰਜਿੰਦਰ ਕੁਮਾਰ ਵਾਸੀ ਹੈਬੋਵਾਲ ਦੋਵੇਂ ਹੀ ਆਟੋ ਚਲਾਉਂਦੇ ਹਨ। ਦੋਹਾਂ ਦੀ ਬੱਸ ਅੱਡੇ 'ਤੇ ਸਵਾਰੀਆਂ ਬਿਠਾਉਣ ਨੂੰ ਲੈ ਕੇ ਬਹਿਸ ਹੋ ਗਈ।

ਇਹ ਬਹਿਸ ਇੰਨੀ ਜ਼ਿਆਦਾ ਵੱਧ ਗਈ ਕਿ ਗੁੱਸੇ 'ਚ ਆਏ ਨਿਹੰਗ ਸੰਦੀਪ ਸਿੰਘ ਨੇ ਰਜਿੰਦਰ ਕੁਮਾਰ ਦੀ ਗਰਦਨ ’ਤੇ ਤਲਵਾਰ ਨਾਲ ਹਮਲਾ ਕਰ ਦਿਤਾ। ਇਸ ਹਮਲੇ ਦੌਰਾਨ ਰਜਿੰਦਰ ਦੇ ਮੋਢੇ ਦੀਆਂ ਨਾੜਾਂ ਵੱਢੀਆਂ ਗਈਆਂ ਅਤੇ ਉਹ ਲਹੂ-ਲੁਹਾਨ ਹੋ ਗਿਆ। 

ਚਮਸ਼ਦੀਦਾਂ ਨੇ ਦਸਿਆ ਕਿ ਉਸ ਦੀ ਹਾਲਤ ਗੰਭੀਰ ਹੈ ਤੇ ਗਰਦਨ ’ਤੇ ਡੂੰਘੇ ਵਾਰ ਹੋਣ ਕਾਰਨ ਉਸ ਨੂੰ 20-25 ਦੇ ਕਰੀਬ ਟਾਂਕੇ ਲਗਾਏ ਗਏ ਹਨ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਰਜਿੰਦਰ ਦੇ ਬਚਾਅ 'ਚ ਆਏ ਲੋਕਾਂ ਅਤੇ ਪੁਲਿਸ 'ਤੇ ਵੀ ਨਿਹੰਗ ਸਿੰਘ ਨੇ ਹਮਲਾ ਕਰ ਦਿਤਾ। ਫਿਲਹਾਲ ਇਸ ਘਟਨਾ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਰਜਿੰਦਰ ਨੂੰ ਸੀ. ਐੱਮ. ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਬੱਸ ਸਟੈਂਡ ਚੌਂਕੀ ਇੰਚਾਰਜ ਸਬ ਇੰਸਪੈਕਟ ਅਵਨੀਤ ਕੌਰ ਨੇ ਦਸਿਆ ਕਿ ਨਿਹੰਗ ਸੰਦੀਪ ਸਿੰਘ 'ਤੇ ਧਾਰਾ-307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸ ਦਾ ਮੈਡੀਕਲ ਵੀ ਕਰਵਾਇਆ ਜਾਵੇਗਾ। ਫਿਲਹਾਲ ਇਸ ਘਟਨਾ ਕਾਰਨ ਆਸ-ਪਾਸ ਦੇ ਇਲਾਕ 'ਚ ਦਹਿਸ਼ਤ ਦਾ ਮਾਹੌਲ ਹੈ।