CM ਭਗਵੰਤ ਮਾਨ ਦਾ ਰਾਜਪਾਲ ਨੂੰ ਪੱਤਰ, ਗੁਰਦੁਆਰਾ ਸੋਧ ਐਕਟ 'ਤੇ ਜਲਦ ਦਸਤਖ਼ਤ ਕਰਨ ਲਈ ਕਿਹਾ
ਬੋਲੇ - ਪਵਿੱਤਰ ਗੁਰਬਾਣੀ ਦੇ ਟੈਲੀਕਾਸਟ ਨੂੰ ਫਿਰ ਤੋਂ ਬਾਦਲ ਪਰਿਵਾਰ ਦੀ ਕੰਪਨੀ ਦੇ ਖ਼ਾਸ ਬੰਦਿਆਂ ਦੇ ਹੱਥਾਂ 'ਚ ਨਹੀਂ ਜਾਣ ਦਿੱਤਾ ਜਾਵੇਗਾ
ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦੁਆਰਾ ਐਕਟ 1925 ਵਿਚ ਸੋਧ ਸਬੰਧੀ ਵਿਧਾਨ ਸਭਾ ਵਿਚ ਪਾਸ ਕੀਤੇ ਬਿੱਲ ’ਤੇ ਜਲਦ ਦਸਤਖ਼ਤ ਕਰਨ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਹੈ। ਸੀਐਮ ਮਾਨ ਨੇ ਇਸ ਸਬੰਧੀ ਟਵੀਟ ਵੀ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਮੁੜ ਬਾਦਲ ਪਰਿਵਾਰ ਦੀ ਕੰਪਨੀ ਦੇ ਹੱਥਾਂ ਵਿਚ ਨਹੀਂ ਜਾਣ ਦਿੱਤਾ ਜਾਵੇਗਾ।
ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਹਾਲ ਹੀ ਵਿਚ ਐਲਾਨ ਕੀਤਾ ਹੈ ਕਿ ਉਹ 24 ਜੁਲਾਈ ਨੂੰ ਯੂਟਿਊਬ ਚੈਨਲ ਲਾਂਚ ਕਰ ਰਹੇ ਹਨ। ਜਿਸ 'ਤੇ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਵੇਗਾ। ਫਿਲਹਾਲ ਇਹ ਪ੍ਰਸਾਰਣ ਇੱਕ ਨਿੱਜੀ ਚੈਨਲ 'ਤੇ ਪ੍ਰਸਾਰਿਤ ਹੋ ਰਿਹਾ ਹੈ। ਇਸ ਤੋਂ ਬਾਅਦ ਸੀਐਮ ਨੇ ਇਹ ਕਦਮ ਚੁੱਕਿਆ ਹੈ।
ਮੁੱਖ ਮੰਤਰੀ ਨੇ ਅਪਣੇ ਪੱਤਰ ਵਿਚ ਲਿਖਿਆ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ, ਇੱਕ ਵਿਸ਼ੇਸ਼ ਚੈਨਲ ਇੱਕ ਰਾਜਨੀਤਿਕ ਪਰਿਵਾਰ ਦੀ ਮਲਕੀਅਤ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੀ ਸਰਬ-ਸਾਂਝੀ ਗੁਰਬਾਣੀ ਤੋਂ ਮੁਨਾਫ਼ਾ ਕਮਾਇਆ ਜਾ ਰਿਹਾ ਹੈ। ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਦੇ ਪ੍ਰਚਾਰ-ਪ੍ਰਸਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਸਰਬ-ਸਾਂਝੀ ਗੁਰਬਾਣੀ ਦਾ ਪ੍ਰਸਾਰਣ ਸਭ ਲਈ ਮੁਫ਼ਤ ਵਿਚ ਉਪਲੱਬਧ ਕਰਵਾਉਣ ਲਈ ਗੁਰਦੁਆਰਾ (ਸੋਧ) ਬਿੱਲ 2023 ਪੇਸ਼ ਕੀਤਾ ਗਿਆ। ਵਿਧਾਨ ਸਭਾ ਨੇ ਬਿੱਲ 'ਤੇ ਵਿਚਾਰ ਕੀਤਾ ਅਤੇ ਇਸ ਨੂੰ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ।
ਇਹ ਬਿੱਲ ਤੁਹਾਨੂੰ 26-6-2023 ਨੂੰ ਦਸਤਖ਼ਤਾਂ ਲਈ ਭੇਜਿਆ ਗਿਆ ਸੀ। ਪਰ ਅੱਜ ਤੱਕ ਇਸ ਬਿੱਲ 'ਤੇ ਦਸਤਖ਼ਤ ਨਹੀਂ ਹੋਏ ਹਨ। ਇਹ ਲੋਕਤੰਤਰ ਦਾ ਗਲਾ ਘੁੱਟਣ ਵਾਂਗ ਹੈ। ਮੈਂ ਇਹ ਵੀ ਤੁਹਾਡੇ ਧਿਆਨ ਵਿਚ ਲਿਆਉਣਾ ਚਾਹਾਂਗਾ ਕਿ ਸਾਡੀ ਜਾਣਕਾਰੀ ਅਨੁਸਾਰ ਉਕਤ ਚੈਨਲ ਨਾਲ ਸ਼੍ਰੋਮਣੀ ਕਮੇਟੀ ਦਾ ਸਮਝੌਤਾ 23 ਜੁਲਾਈ 2023 ਨੂੰ ਖ਼ਤਮ ਹੋ ਰਿਹਾ ਹੈ। ਜੇਕਰ ਤੁਸੀਂ ਤੁਰੰਤ ਬਿੱਲ 'ਤੇ ਦਸਤਖ਼ਤ ਨਹੀਂ ਕਰਦੇ ਤਾਂ ਇਸ ਨਾਲ ਲੱਖਾਂ ਸ਼ਰਧਾਲੂ ਪ੍ਰਭਾਵਿਤ ਹੋਣ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਪਵਿੱਤਰ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦੇਖਣ ਤੋਂ ਦੁਨੀਆਂ ਵਾਂਝੀ ਰਹੇਗੀ। ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੇਗੀ। ਇਸ ਲਈ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਇਸ ਬਿੱਲ 'ਤੇ ਦਸਤਖ਼ਤ ਕਰੋ, ਤਾਂ ਜੋ ਗੁਰਬਾਣੀ ਦਾ ਪ੍ਰਸਾਰਣ ਮੁਫ਼ਤ ਕੀਤਾ ਜਾ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 24 ਜੁਲਾਈ ਤੋਂ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਕਰਨ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਇਸ ਲਈ ਵੱਖਰਾ ਚੈਨਲ ਨਹੀਂ ਸ਼ੁਰੂ ਕਰੇਗੀ ਪਰ ਇਸ ਲਈ ਯੂ-ਟਿਊਬ ਚੈਨਲ ਸ਼ੁਰੂ ਕਰਨ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਨੇ ਸ਼ੁੱਕਰਵਾਰ ਨੂੰ ਇਸ ਦੇ ਨਾਂ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਪ੍ਰੈਸ ਕਾਨਫਰੰਸ ਕਰ ਕੇ ਦਿੱਤੀ ਸੀ।