ਕੀ ਪੰਜਾਬ ਦੇ ਹੱਥੋਂ ਨਿਕਲਣ ਜਾ ਰਹੀ ਹੈ ਰਾਜਧਾਨੀ ਚੰਡੀਗੜ੍ਹ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਜ਼ਮੀਨ ’ਤੇ ਵਸਿਆ ਚੰਡੀਗੜ੍ਹ, ਫਿਰ ਹੱਕ ਹਰਿਆਣਾ ਦਾ ਕਿਵੇਂ?

Chandigarh

ਚੰਡੀਗੜ੍ਹ (ਸੁਰਖ਼ਾਬ ਚੰਨ/ ਵੀਰਪਾਲ ਕੌਰ) : ਪੰਜਾਬ ਦੀ ਸਿਆਸਤ ਵਿਚ ਇਹ ਮੁੱਦਾ ਦਿਨੋ ਦਿਨ ਤੂਲ ਫੜ੍ਹ ਰਿਹਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਹਰਿਆਣਾ ਨੂੰ ਅਪਣੀ ਵਖਰੀ ਵਿਧਾਨ ਸਭਾ ਬਣਾਉਣ ਲਈ ਚੰਡੀਗੜ੍ਹ ਵਿਚ ਹੀ 10 ਏਕੜ ਜ਼ਮੀਨ ਦੇਵੇਗਾ। ਇਹ ਜ਼ਮੀਨ ਦੇਣ ਪਿਛੇ ਕੀ ਕਾਰਨ ਹੈ ਕੀ ਕੋਈ ਸਿਆਸੀ ਬਦਲਾਖੋਰੀ ਹੈ ਜਾਂ ਫਿਰ 2024 ਵਿਚ ਚੋਣਾਂ ਦਾ ਬਿਗੁਲ ਵੱਜਣ ਤੋਂ ਪਹਿਲਾਂ ਕੋਈ ਖੇਡ ਖੇਡੀ ਜਾ ਰਹੀ ਹੈ ਇਸ ਸੱਭ ਦਾ ਜਵਾਬ ਲੈਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਗਈ। ਆਮ ਆਦਮੀ ਪਾਰਟੀ ਤੋਂ ਪ੍ਰਣਵ ਧਵਨ ਤੇ ਕਾਂਗਰਸ ਵੱਲੋਂ ਅਰਸ਼ਪ੍ਰੀਤ ਖਡਿਆਲ, ਭਾਜਪਾ ਵੱਲੋਂ ਗੁਰਦੀਪ ਗੋਸ਼ਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਖ਼ਾਸ ਗੱਲਬਾਤ ਕੀਤੀ।

 

ਚੰਡੀਗੜ੍ਹ ਪੰਜਾਬ ਦਾ ਹੀ ਹੈ ਤੇ ਹਮੇਸ਼ਾ ਰਹੇਗਾ :  ਗੁਰਦੀਪ ਗੋਸ਼ਾ (ਭਾਜਪਾ)
ਪੰਜਾਬ ਭਾਜਪਾ ਦਾ ਇਕੋ ਹੀ ਸਟੈਂਡ ਹੈ ਕਿ ਚੰਡੀਗੜ੍ਹ ਭਾਜਪਾ ਦਾ ਹੈ ਤੇ ਹਮੇਸ਼ਾ ਰਹੇਗਾ ਇਸ ਵਿਚ ਕੋਈ ਦੋ ਰਾਇ ਨਹੀਂ ਹੈ ਤੇ ਅਸੀਂ ਇਸ ਫ਼ੈਸਲੇ ਨਾਲ ਅਸਹਿਮਤ ਹਾਂ। ਇਸ ਮੁੱਦੇ ਨੂੰ ਅਸੀਂ ਜਿਥੋਂ ਤਕ ਉਠਾ ਸਕੇ ਉਠਾਵਾਂਗੇ ਤੇ ਹੱਲ ਕਰਵਾਵਾਂਗੇ ਤੇ ਬਾਕੀ ਸੂਬੇ ਇਸ ’ਤੇ ਹੱਕ ਕਿਉਂ ਜਤਾ ਰਹੇ ਹਨ ਇਸ ਦਾ ਕਾਰਨ ਇਹ ਹੈ ਕਿ 1952 ਵਿਚ ਸਾਜ਼ਿਸ਼ਾਂ ਘੜੀਆਂ ਗਈਆਂ ਤੇ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸਨ ਤੇ 1966 ਵਿਚ ਜਦੋਂ ਪੰਜਾਬੀ ਸੂਬਾ ਬਣਿਆ ਤਾਂ ਉਸ ਸਮੇਂ ਕਾਂਗਰਸ ਦੇ ਮੁੱਖ ਮੰਤਰੀ ਗੁਰਮੁਖ ਸਿੰਘ ਸਨ ਤੇ ਉਸ ਸਮੇਂ ਕਮਿਸ਼ਨ ਬਣਾਇਆ ਗਿਆ ਸੀ ‘ਸ਼ਿਆਮ ਕਿਸ਼ਨ ਕਮਿਸ਼ਨ’’।

ਉਸ ਕਮਿਸ਼ਨ ਦੀਆਂ ਕੋਸ਼ਿਸ਼ਾਂ ਜ਼ਰੀਏ ਜੋ ਇੰਦਰਾ ਗਾਂਧੀ ਨੇ ਸੋਚਿਆ ਸੀ ਕਿ ਉਸ ਕਮਿਸ਼ਨ ਵਿਚ ਇਕ ਬਿੱਲ ਪਾਸ ਕੀਤਾ ਗਿਆ ਤੇ ਚੰਡੀਗੜ੍ਹ ਨੂੰ ਯੂਟੀ ਬਣਾ ਦਿਤਾ ਗਿਆ ਤੇ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੋਵੇਗੀ। ਇਹ ਸਭ ਕਾਂਗਰਸ ਦਾ ਕੀਤਾ ਧਰਿਆ ਹੈ ਜਿਸ ਕਰ ਕੇ ਹੁਣ ਅਸੀਂ ਪਛਤਾ ਰਹੇ ਹਾਂ। ਉਹਨਾਂ ਨੇ ਇਸ ਮੁੱਦੇ ’ਤੇ ਆਮ ਆਦਮੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਅੱਜ ਪੰਜਾਬ ਦੀ ਅਗਵਾਈ ‘ਆਪ’ ਪਾਰਟੀ ਦਾ ਹੱਥ ਹੈ ਤੇ ਇਹ ਪੰਜਾਬ ਦਾ ਹੱਕ ਕਮਜ਼ੋਰੀ ਨਾਲ ਰਖਦੇ ਹਨ ਤੇ ਜਦੋਂ ਕੋਈ ਕੇਂਦਰ ਨਾਲ ਮੀਟਿੰਗ ਹੁੰਦੀ ਹੈ ਜਾਂ ਫਿਰ ਨੀਤੀ ਆਯੋਗ ਦੀ ਮੀਟਿੰਗ ਹੋਈ ਸੀ ਤਾਂ ਇਹ ਪਾਰਟੀ ਉਥੇ ਆ ਜਾਂਦੀ ਹੈ ਤਾਂ ਇਸ ਕਰ ਕੇ ਪੰਜਾਬ ਦਾ ਪੱਖ ਰਖਿਆ ਨਹੀਂ ਜਾ ਰਿਹਾ।

 

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹੱਕ ਕਿਧਰੇ ਨਹੀਂ ਜਾਣ ਦੇਣਗੇ :  ਪ੍ਰਣਵ ਧਵਨ (ਆਪ)
ਭਾਜਪਾ ਆਗੂ ਗੁਰਦੀਪ ਗੋਸ਼ਾ ਨੇ ਆਪ ’ਤੇ ਸਵਾਲ ਚੁਕਿਆ ਜਿਸ ਦਾ ਜਵਾਬ ਦਿੰਦੇ ਹੋਏ ਪ੍ਰਣਵ ਧਵਨ ਨੇ ਕਿਹਾ ਕਿ ਸੱਚੀ ਗੱਲ ਤਾਂ ਇਹ ਹੈ ਕਿ ਕੇਂਦਰ ਵਿਚ ਬੈਠੀ ਭਾਜਪਾ ਸਰਕਾਰ ਹਮੇਸ਼ਾ ਤੋਂ ਹੀ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਦੀ ਆਈ ਹੈ ਤੇ ਹੁਣ ਜੋ ਇਹ ਗੱਲ ਚੱਲ ਰਹੀ ਹੈ ਕਿ ਹਰਿਆਣਾ ਨੂੰ 10 ਏਕੜ ਜ਼ਮੀਨ ਦਿੱਤੀ ਜਾ ਰਹੀ ਇਹ ਬਿਲਕੁਲ ਗ਼ੈਰ-ਸੰਵਿਧਾਨਕ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹੱਕ ਕਿਤੇ ਵੀ ਨਹੀਂ ਜਾਣ ਦੇਣਗੇ ਤੇ ਚੰਡੀਗੜ੍ਹ ਵੀ ਪੰਜਾਬ ਦਾ ਹੀ ਰਹੇਗਾ ਇਸ ਦਾ ਹੱਕ ਵੀ ਕਿਤੇ ਨਹੀਂ ਜਾਵੇਗਾ। ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਸੱਭ ਤੋਂ ਪਹਿਲਾਂ ਵਿਰੋਧ ਸਾਡੀ ਪਾਰਟੀ ਨੇ ਹੀ ਕੀਤਾ ਸੀ।

ਉਨ੍ਹਾਂ ਕਿਹਾ ਕਿ ਭਾਜਪਾ ਦੇ ਵੀ ਦੋ ਸਟੈਂਡ ਨੇ ਇਕ ਤਾਂ ਇਹ ਕਹਿ ਰਹੇ ਨੇ ਕਿ ਹਰਿਆਣਾ 10 ਏਕੜ ਜ਼ਮੀਨ ਦੀ ਮੰਗ ਕਰ ਰਿਹਾ ਹੈ ਤੇ ਦੂਜੇ ਪਾਸੇ ਕਹਿ ਰਹੇ ਨੇ ਕਿ ਅਸੀਂ ਪੰਚਕੂਲਾ ਵਲੋਂ 12 ਏਕੜ ਜ਼ਮੀਨ ਦੇ ਦੇਵਾਂਗੇ। ਇਹਨਾਂ ਦੇ ਮਨਸੂਬੇ ਗੰਦੇ ਹਨ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ ਜੇ ਇਹਨਾਂ ਨੇ ਵਿਧਾਨ ਸਭਾ ਬਣਾਉਣੀ ਹੈ ਤਾਂ ਇਹ ਪੰਚਕੂਲਾ ਵਿਚ ਬਣਾ ਲੈਣ ਇਹ ਚੰਡੀਗੜ੍ਹ ਵਿਚੋਂ ਜ਼ਮੀਨ ਕਿਉਂ ਮੰਗ ਰਹੇ ਹਨ ਜਿਥੇ ਇਨ੍ਹਾਂ ਦਾ ਹੱਕ ਵੀ ਨਹੀਂ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ’ਤੇ ਵੀ ਸਵਾਲ ਚੁਕੇ ਤੇ ਕਿਹਾ ਕਿ ਕਿਤੇ ਨਾ ਕਿਤੇ ਬਨਵਾਰੀ ਲਾਲ ਪੁਰੋਹਿਤ ਵੀ ਭਾਜਪਾ ਦਾ ਹੀ ਪੱਖ ਪੂਰਦੇ ਆਏ ਹਨ।

ਦੇਖਿਆ ਜਾਵੇ ਤਾਂ ਜਦੋਂ ਬੀਬੀਐਮਬੀ ਦੀ ਗੱਲ ਹੁੰਦੀ ਹੈ ਤਾਂ ਉਦੋਂ ਵੀ ਭਾਜਪਾ ਹਿਮਾਚਲ ਨੂੰ ਪਾਣੀ ਦੇਣ ਦੀ ਗੱਲ ਕਰਦੀ ਹੈ ਤੇ ਇਥੋਂ ਪਤਾ ਲਗਦਾ ਹੈ ਕਿ ਭਾਜਪਾ ਪੰਜਾਬ ਦੇ ਹੱਕ ਖੋਹਣਾ ਚਾਹੁੰਦੀ ਹੈ ਤੇ ਇਸ ਦੇ ਮਨਸੂਬੇ ਗ਼ਲਤ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਲਈ ਲੜਦੇ ਆ ਰਹੇ ਹਨ ਤੇ ਅੱਗੇ ਵੀ ਲੜਦੇ ਰਹਿਣਗੇ ਤੇ ਪੰਜਾਬ ਦੇ ਹੱਕ ਕਿਧਰੇ ਨਹੀਂ ਜਾਣ ਦੇਣਗੇ।

ਪੰਜਾਬ ਦੀ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ : ਅਰਸ਼ਦੀਪ ਸਿੰਘ ਖੰਡਿਆਲ (ਕਾਂਗਰਸ)
ਕਾਂਗਰਸ ਵਲੋਂ ਅਰਸ਼ਦੀਪ ਸਿੰਘ ਖੰਡਿਆਲ ਨੇ ਪੰਜਾਬ ਸਰਕਾਰ ’ਤੇ ਸਵਾਲ ਚੁਕਦਿਆਂ ਕਿਹਾ ਕਿ ਪੰਜਾਬ ਵਿਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਦੀ ਜ਼ਿੰਮੇਵਾਰੀ ਨੀ ਪੰਜਾਬ ਦੀ ਸਰਕਾਰ ਦੀ ਹੀ ਹੈ। ਜਦੋਂ ਦੀ ਇਹ ਪਾਰਟੀ ਪੰਜਾਬ ਵਿਚ ਆਈ ਹੈ ਉਦੋਂ ਦੇ ਹੀ ਪੰਜਾਬ ਦੇ ਇਕ ਤੋਂ ਬਾਅਦ ਇਕ ਹੱਕ ਖੁਸਦੇ ਜਾ ਰਹੇ ਹਨ।

ਉਦਾਹਰਣ ਦੇ ਤੌਰ ’ਤੇ ਪਹਿਲਾਂ ਬੀਬੀਐਮਬੀ ਦੇ ਹੱਕਾਂ ਨਾਲ ਸਮਝੌਤਾ ਹੋਇਆ, ਫਿਰ ਸੈਂਟਰਲ ਸਰਵਿਸ ਨਿਯਮਾਂ ਦੇ ਹੱਕਾਂ ਨਾਲ ਸਮਝੌਤਾ ਹੋਇਆ, ਵਖਰੀ ਵਿਧਾਨ ਸਭਾ ਦਾ ਮੁੱਦਾ, ਵਖਰੀ ਹਾਈ ਕੋਰਟ ਦਾ ਮੁੱਦਾ। ਚੰਡੀਗੜ੍ਹ ’ਤੇ ਹਰਿਆਣਾ ਨੇ ਵੀ ਅਪਣਾ ਹੱਕ ਦਸਿਆ ਹੈ ਤੇ ਹਿਮਾਚਲ ਨੇ ਵੀ, ਸਾਨੂੰ ਕੋਈ ਵੀ ਮੈਚ ਨਾ ਮਿਲਣਾ, ਸਾਡੇ ’ਤੇ ਸੈੱਸ ਲਗਾਉਣ ਦੀ ਗੱਲ ਹੋਣੀ। ਪੰਜਾਬ ਯੂਨੀਵਰਸਿਟੀ ਦਾ ਮੁੱਦਾ ਉਠਣਾ, ਸਾਡੇ ਫ਼ੰਡ ਰੋਕੇ ਜਾਣੇ ਹੋਰ ਵੀ ਕਈ ਅਜਿਹੇ ਮੁੱਦੇ ਹਨ ਜੋ ਉਠ ਰਹੇ ਹਨ।
ਖੰਡਿਆਲ ਨੇ ਕਿਹਾ ਕਿ ਜਦੋਂ ਦੀ ਇਹ ਪਾਰਟੀ ਆਈ ਹੈ ਇਕ ਤੋਂ ਬਾਅਦ ਇਕ ਹੱਕ ਜਾ ਰਿਹਾ ਹੈ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇਕ ਮਹੀਨਾ ਪਹਿਲਾ ਇਹ ਬਿਆਨ ਦਿਤਾ ਗਿਆ ਸੀ ਪਰ ਹੁਣ ਤਕ ਕਿਸੇ ਨੇ ਇਸ ਮੁੱਦੇ ਬਾਰੇ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡ ਉਜਾੜ ਕੇ ਹੀ ਚੰਜੀਗੜ੍ਹ ਬਣਿਆ ਸੀ ਤੇ ਹੁਣ ਇਸ ’ਤੇ ਪੰਜਾਬ ਦਾ ਹੀ ਹੱਕ ਨਹੀਂ ਹੈ ਇਹ ਕਿਥੋਂ ਦਾ ਇਨਸਾਫ਼ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਨੂੰ ਪਤਾ ਨਹੀਂ ਕਿ ਪੰਜਾਬ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਇਸ ਲਈ ਦੂਜੇ ਸੂਬਿਆਂ ਨੇ ਇਸ ਵਿਚ ਹੱਕ ਜਤਾਉਣਾ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ ਵਿਧਾਨ ਸਭਾ ਵਿਚ ਭਾਜਪਾ ਵਿਰੁਧ ਮਤਾ ਪਾਸ ਕਰਨਾ ਚਾਹੀਦਾ ਹੈ ਤੇ ਜੇ ਇਹ ਨਹੀਂ ਕਰ ਸਕਦੇ ਤਾਂ ਅਪਣਾ ਬਿਆਨ ਵਾਪਸ ਲੈਣ ਜੋ ਇਨ੍ਹਾਂ ਨੇ ਸਾਡੇ ਤੋਂ ਸਮਰਥਨ ਮੰਗਿਆ ਹੈ। ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਹੈ ਸਰਕਾਰ ਹੀ ਮਾੜੀ ਹੈ।