ਨਸ਼ੇ ਦਾ ਟੀਕਾ ਲਗਾਉਂਦੇ ਨੌਜਵਾਨ ਦੀ ਵੀਡੀਓ ਵਾਇਰਲ, ਬਰਨਾਲਾ ਯੂਥ ਕਾਂਗਰਸ ਹਲਕਾ ਪ੍ਰਧਾਨ ਨੇ ਬਣਾਈ ਵੀਡੀਓ 

ਏਜੰਸੀ

ਖ਼ਬਰਾਂ, ਪੰਜਾਬ

ਵੀਡੀਓ ਬਣਨ ਤੋਂ ਬਾਅਦ ਨਸ਼ੇੜੀ ਫਰਾਰ 

File Photo

ਬਰਨਾਲਾ - ਪੰਜਾਬ ਦੇ ਬਰਨਾਲਾ ਬੱਸ ਸਟੈਂਡ ਨੇੜੇ ਇੱਕ ਨੌਜਵਾਨ ਵੱਲੋਂ ਨਸ਼ੇ ਦਾ ਟੀਕਾ ਲਗਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਨੌਜਵਾਨ ਦੀ ਵੀਡੀਓ ਸਭ ਤੋਂ ਪਹਿਲਾਂ ਯੂਥ ਕਾਂਗਰਸ ਹਲਕਾ ਬਰਨਾਲਾ ਦੇ ਪ੍ਰਧਾਨ ਲੱਕੀ ਕੰਡਾ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਸੀ। ਉਸ ਨੇ ਦਾਅਵਾ ਕੀਤਾ ਕਿ ਇਹ ਵੀਡੀਓ ਉਸ ਨੇ ਖ਼ੁਦ ਬਣਾਈ ਹੈ। 

ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸ਼ੋਅਰੂਮ ਬੱਸ ਸਟੈਂਡ ਰੋਡ ’ਤੇ ਹੈ। ਇੱਥੇ ਨੌਜਵਾਨ ਸ਼ਰੇਆਮ ਨਸ਼ੇ ਦਾ ਸੇਵਨ ਕਰਦੇ ਹਨ ਪਰ ਬੱਸ ਸਟੈਂਡ ਨੇੜੇ ਚੌਕੀ ਹੋਣ ਦੇ ਬਾਵਜੂਦ ਇਹ ਸਭ ਕੁਝ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਨੌਜਵਾਨ ਲਗਾਤਾਰ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਵੀਡੀਓ 'ਚ ਨਸ਼ੇ ਦਾ ਟੀਕਾ ਲਗਾਉਣ ਵਾਲਾ ਨੌਜਵਾਨ ਵੀਡੀਓ ਬਣਨ ਤੋਂ ਬਾਅਦ ਉਥੋਂ ਫਰਾਰ ਹੋ ਗਿਆ।

ਉਨ੍ਹਾਂ ਕਿਹਾ ਕਿ ਇਸ ਲਈ ਪੁਲਿਸ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਇਸ ਸਬੰਧੀ ਬੱਸ ਸਟੈਂਡ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਪੁਲਿਸ ਆਪਣੀ ਗਸ਼ਤ ਤੇਜ਼ ਕਰੇਗੀ ਅਤੇ ਅਜਿਹੇ ਸਾਰੇ ਲੋਕਾਂ 'ਤੇ ਸ਼ਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਤੇ ਵੀ ਨਸ਼ੇ ਦੀ ਖਪਤ, ਵਿਕਰੀ ਅਤੇ ਸਪਲਾਈ ਕਰਦੇ ਦੇਖਦੇ ਹਨ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ।