ਜਲੰਧਰ ਰੇਲਵੇ ਸਟੇਸ਼ਨ 'ਤੇ ਟੀ.ਟੀ.ਈ. ਨੇ ਨੌਜੁਆਨ ਦੀ ਕੀਤੀ ਕੁੱਟਮਾਰ

ਏਜੰਸੀ

ਖ਼ਬਰਾਂ, ਪੰਜਾਬ

ਇਸ ਤੋਂ ਬਾਅਦ ਉਸ ਦੀ 600 ਰੁਪਏ ਦੀ ਪਰਚੀ ਕੱਟ ਦਿਤੀ ਗਈ

photo

ਜਲੰਧਰ ਰੇਲਵੇ ਸਟੇਸ਼ਨ 'ਤੇ ਟੀ.ਟੀ.ਈ. ਨੇ ਨੌਜੁਆਨ ਦੀ ਕੀਤੀ ਕੁੱਟਮਾਰ 
ਪਲੇਟਫਾਰਮ ਟਿਕਟ ਨਾ ਮਿਲਣ 'ਤੇ ਦਫ਼ਤਰ ਲੈ ਗਏ; 600 ਰੁਪਏ ਦੀ ਪਰਚੀ ਕੱਟੀ ਗਈ

ਜਲੰਧਰ : ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ 'ਤੇ ਇਕ ਟੀ.ਟੀ.ਈ. ਦੀ ਹਰਕਤ ਸਾਹਮਣੇ ਆਈ ਹੈ। ਸਟੇਸ਼ਨ 'ਤੇ ਅਪਣੇ ਰਿਸ਼ਤੇਦਾਰ ਨੂੰ ਲੈਣ ਗਏ ਨੌਜੁਆਨ ਨੂੰ ਉਥੇ ਤਾਇਨਾਤ ਟੀ.ਟੀ.ਈ. ਨੇ ਅਪਣੇ ਦਫ਼ਤਰ ’ਚ ਲਿਜਾ ਕੇ ਪਹਿਲਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ 600 ਰੁਪਏ ਦੀ ਰਸੀਦ ਕੱਟ ਦਿਤੀ।
ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦੇ ਰਹਿਣ ਵਾਲੇ ਰੋਹਿਤ ਦਾ ਕਹਿਣਾ ਹੈ ਕਿ ਉਹ ਪਲੇਟਫਾਰਮ ਟਿਕਟ ਲੈਣ ਲਈ ਦੋ ਵਾਰ ਕਾਊਂਟਰ 'ਤੇ ਗਿਆ ਸੀ ਪਰ ਕਾਊਂਟਰ 'ਤੇ ਬੈਠੇ ਵਿਅਕਤੀ ਨੇ ਖੁੱਲ੍ਹੇ ਪੈਸੇ ਨਾ ਹੋਣ ਦਾ ਬਹਾਨਾ ਬਣਾ ਕੇ ਟਿਕਟ ਨਹੀਂ ਦਿਤੀ। ਜਦੋਂ ਟਰੇਨ ਆਈ ਤਾਂ ਉਹ ਅਪਣੇ ਰਿਸ਼ਤੇਦਾਰ ਨੂੰ ਲੈਣ ਸਟੇਸ਼ਨ ਦੇ ਅੰਦਰ ਚਲਾ ਗਿਆ।

ਜਦੋਂ ਉਹ ਅਪਣੇ ਰਿਸ਼ਤੇਦਾਰ ਨਾਲ ਬਾਹਰ ਜਾ ਰਿਹਾ ਸੀ ਤਾਂ ਟੀ.ਟੀ.ਈ. ਨੇ ਉਸ ਨੂੰ ਫੜ ਲਿਆ। ਨੌਜੁਆਨ ਨੇ ਦਸਿਆ ਕਿ ਉਸ ਨੇ ਸਾਰੀ ਗੱਲ ਟੀ.ਟੀ.ਈ. ਨੂੰ ਵੀ ਦੱਸ ਦਿਤੀ ਸੀ। ਇਸ ਦੇ ਬਾਵਜੂਦ ਉਸ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿਤਾ ਅਤੇ ਉਸ ਨੂੰ ਫੜ ਕੇ ਦਫ਼ਤਰ ਲੈ ਗਿਆ।

ਰੋਹਿਤ ਨੇ ਦਸਿਆ ਕਿ ਉਸ ਨੂੰ ਕੁੱਟਣ ਵਾਲਾ ਟੀ.ਟੀ.ਈ. ਪੰਜਾਬੀ ਸੀ। ਜਦੋਂ ਉਸ ਨੂੰ ਦਫ਼ਤਰ ਲਿਜਾਇਆ ਗਿਆ ਤਾਂ ਉੱਥੇ ਹੋਰ ਟੀ.ਟੀ.ਈ. ਵੀ ਬੈਠੇ ਸਨ। ਜਦੋਂ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਕਿਸੇ ਨੇ ਵੀ ਉਸ ਨੂੰ ਨਹੀਂ ਬਚਾਇਆ। ਇਸ ਤੋਂ ਬਾਅਦ ਉਸ ਦੀ 600 ਰੁਪਏ ਦੀ ਪਰਚੀ ਕੱਟ ਦਿਤੀ ਗਈ।

ਜਦੋਂ ਉਸ ਨੇ ਟੀ.ਟੀ.ਈ. ਨੂੰ ਪੁਛਿਆ ਕਿ ਜਦੋਂ ਪਰਚੀ ਕੱਟਣੀ ਸੀ ਤਾਂ ਉਸ ਦੀ ਕੁੱਟਮਾਰ ਕਿਉਂ ਕੀਤੀ ਗਈ। ਇਸ ’ਤੇ ਟੀ.ਟੀ.ਈ. ਨੇ ਉਸ ’ਤੇ ਸਮਝੌਤਾ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿਤਾ। ਰੋਹਿਤ ਨੇ ਦਸਿਆ ਕਿ ਉਸ ਦੇ ਚਿਹਰੇ ਅਤੇ ਪਿੱਠ 'ਤੇ ਸੱਟ ਦੇ ਨਿਸ਼ਾਨ ਸਨ। ਉਸ ਨੇ ਸਿਵਲ ਹਸਪਤਾਲ ਵਿਚ ਆਪਣਾ ਇਲਾਜ ਕਰਵਾਇਆ ਹੈ। ਹੁਣ ਉਹ ਟੀ.ਟੀ.ਈ. ਦੀ ਸ਼ਿਕਾਇਤ ਪੁਲਿਸ ਨੂੰ ਦੇਵੇਗਾ।