ਫ਼ੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਡਰਾਈਵਰ ਦੀ ਭਾਲ ਜਾਰੀ
ਪੁਲਿਸ ਨੇ ਗੱਡੀ ਦੀ ਸੀ.ਸੀ.ਟੀ.ਵੀ. ਫ਼ੁਟੇਜ ਜਾਰੀ ਕੀਤੀ
ਜਲੰਧਰ : ਪੰਜਾਬ ਦੇ ਜਲੰਧਰ ਜ਼ਿਲ੍ਹੇ ’ਚ ਦੁਨੀਆਂ ਦੇ ਸੱਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਉਸ ਸਮੇਂ ਕੁਚਲ ਕੇ ਮਾਰਨ ਵਾਲੇ ਡਰਾਈਵਰ ਦੀ ਭਾਲ ਜਾਰੀ ਹੈ। ਪੰਜਾਬ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਟੋਯੋਟਾ ਫਾਰਚੂਨਰ ਦੀ ਪਛਾਣ ਕਰ ਲਈ ਹੈ, ਜਿਸ ਨੇ ਜਲੰਧਰ-ਪਠਾਨਕੋਟ ਹਾਈਵੇਅ ਉਤੇ 114 ਸਾਲ ਦੇ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰ ਦਿਤੀ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਦਸਿਆ ਕਿ ਹਾਦਸੇ ਵਿਚ ਸ਼ਾਮਲ ਗੱਡੀ ਪੰਜਾਬ ਵਿਚ ਰਜਿਸਟਰਡ ਚਿੱਟੀ ਟੋਯੋਟਾ ਫਾਰਚੂਨਰ ਸੀ, ਜਦਕਿ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਕਰਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ।
ਫੌਜਾ ਸਿੰਘ 114 ਸਾਲਾਂ ਦੇ ਸਨ, ਅਤੇ ਉਨ੍ਹਾਂ ਦੀ ਕਲ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਉਹ ਸੋਮਵਾਰ ਨੂੰ ਘਰ ਤੋਂ ਸੈਰ ਕਰਨ ਲਈ ਨਿਕਲੇ ਸਨ। ਮੈਰਾਥਨ ਦੌੜਾਕ ਨੇ ਸ਼ਾਮ ਨੂੰ ਅਪਣੇ ਜੱਦੀ ਪਿੰਡ ਬਿਆਸ ਵਿਚ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਦਮ ਤੋੜ ਦਿਤਾ। ਕੁੱਝ ਪਿੰਡ ਵਾਸੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਸ਼ਾਇਦ ਇਹ ਇਕ ਐਸ.ਯੂ.ਵੀ. ਸੀ ਜਿਸ ਨੇ ਫੌਜਾ ਸਿੰਘ ਨੂੰ ਟੱਕਰ ਮਾਰ ਦਿਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਫ਼ੌਜਾ ਸਿੰਘ ਨੂੰ ਹਵਾ ਵਿਚ 5-7 ਫੁੱਟ ਉਛਾਲ ਦਿਤਾ ਗਿਆ। ਹਾਦਸੇ ਵਿਚ ਫੌਜਾ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ।