ਦਹਿਸ਼ਤ ਦੀ ਸਾਜ਼ਿਸ਼, ਹੁਣ ਬਾਬਾ ਬਕਾਲਾ ਸਾਹਿਬ ਵਿਖੇ ਲਹਿਰਾਇਆ ਖਾਲਿਸਤਾਨੀ ਝੰਡਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਸੀਕਾ ਨਵੀਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਪਰ ਪੁਲਿਸ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੀ ਹੈ

File Photo

ਪੰਜਾਬ - ਅੱਜ ਮੋਗਾ ਦੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਆਜ਼ਾਦੀ ਦਿਵਸ ਮੌਕੇ ਪ੍ਰਸ਼ਾਸਨ ਵਲੋਂ ਕੌਮੀ ਝੰਡਾ ਐੱਸ.ਡੀ.ਐਮ ਮੇਜਰ ਡਾ. ਸੁਮਿਤ ਮੁਧ ਵਲੋਂ ਲਹਿਰਾਇਆ ਗਿਆ। ਉੱਥੇ ਹੀ ਕੁੱਝ ਖਾਲਿਸਤਾਨੀ ਸਮਰਥਕਾਂ ਵਲੋਂ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਇਕ ਵਸੀਕਾ ਨਵੀਸ ਦੀ ਦੁਕਾਨ ਉੱਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਖ਼ਬਰ ਵੀ ਸਾਹਮਣੇ ਆਈ ਹੈ।

ਵਸੀਕਾ ਨਵੀਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਪਰ ਪੁਲਿਸ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੀ ਹੈ। ਜਦੋਂ ਪੁਲਿਸ ਤੱਕ ਇਹ ਖ਼ਬਰ ਪਹੁੰਚੀ ਤਾਂ ਝੰਡਾ ਉਤਾਰ ਦਿੱਤਾ ਗਿਆ। ਜਦੋਂ ਇਹ ਝੰਡਾ ਉਤਾਰਿਆ ਗਿਆ ਤਾਂ ਝੰਡੇ ਦਾ ਕੁੱਝ ਹਿੱਸਾ ਉੱਥੇ ਹੀ ਲਟਕਆ ਰਹਿ ਗਿਆ। ਇਸ ਸਬੰਧੀ ਵਸੀਕਾ ਨਵੀਸ ਨੇ ਦੱਸਿਆ ਕਿ ਅੱਜ 15 ਅਗਸਤ ਹੋਣ ਕਾਰਨ ਮੇਰੀ ਦੁਕਾਨ ਬੰਦ ਸੀ ਤੇ ਮੈਨੂੰ ਕਿਸ ਨੇ ਫ਼ੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ,

ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਮੈਂ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ । ਦੂਜੇ ਪਾਸੇ ਇਸ ਸਬੰਧੀ ਜਦੋਂ ਡੀ.ਐੱਸ.ਪੀ. ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਕੱਲ੍ਹ ਮੋਗਾ ਵਿਖੇ ਡੀ.ਸੀ. ਦਫ਼ਤਰ 'ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਤਿਰੰਗੇ ਝੰਡੇ ਨੂੰ ਕੱਟ ਕੇ ਉਸ ਦਾ ਆਪਮਾਨ ਕਰਦੇ ਹੋਏ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਸੀ।

ਇਸ ਤੋਂ ਬਾਅਦ ਅੱਜ ਫਿਰ ਸਵੇਰੇ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਪੰਚਾਇਤ ਘਰ 'ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ। ਹਾਲਾਂਕਿ ਪੁਲਿਸ ਤੇ ਪੰਚਾਇਤ ਨੇ ਖਾਲਿਸਤਾਨ ਦਾ ਝੰਡਾ ਉਥੋਂ ਉਤਾਰ ਦਿੱਤਾ ਸੀ।