ਮੇਰੇ ਪੁੱਤਰ ਵਿਨੇ ਨੇ ਵਿੱਕੀ ਮਿੱਡੂਖੇੜਾ ਦਾ ਕਤਲ ਨਹੀਂ ਕੀਤਾ : ਬੰਟੀ ਦਿਉੜਾ
ਮੇਰੇ ਪੁੱਤਰ ਵਿਨੇ ਨੇ ਵਿੱਕੀ ਮਿੱਡੂਖੇੜਾ ਦਾ ਕਤਲ ਨਹੀਂ ਕੀਤਾ : ਬੰਟੀ ਦਿਉੜਾ
ਕੋਟਕਪੂਰਾ, 14 ਅਗੱਸਤ (ਗੁਰਿੰਦਰ ਸਿੰਘ): ਪਿਛਲੇ ਦਿਨੀਂ ਗੈਂਗਸਟਰ ਵਾਰ ਵਿਚ ਕਤਲ ਹੋਏ ਵਿੱਕੀ ਮਿੱਡੂਖੇੜਾ ਨਾਲ ਮੋਹਾਲੀ ਪੁਲਿਸ ਵਲੋਂ ਵਿਨੇ ਦਿਉੜਾ ਦਾ ਨਾਮ ਜੋੜਨ ਦੇ ਮਾਮਲੇ ਦੇ ਵਿਰੋਧ 'ਚ ਵਿਨੇ ਦਿਉੜਾ ਦੇ ਮਾਤਾ-ਪਿਤਾ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਦੋਸ਼ ਲਾਇਆ ਕਿ ਪੁਲਿਸ ਬੇਕਸੂਰ ਹੋਣ ਦੇ ਬਾਵਜੂਦ ਉਨ੍ਹਾਂ ਦੇ ਪੁੱਤਰ ਨੂੰ ਕਿਸੇ ਝੂਠੇ ਮਾਮਲੇ ਵਿਚ ਫਸਾਉਣਾ ਚਾਹੁੰਦੀ ਹੈ ਕਿਉਂਕਿ ਪੰਜਾਬ ਦੇ ਕਿਸੇ ਵੀ ਹਿੱਸੇ 'ਚ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਉਥੋਂ ਦੀ ਪੁਲਿਸ ਸਾਡੇ ਘਰ ਛਾਪਾ ਮਾਰ ਕੇ ਸਾਨੂੰ ਪ੍ਰੇਸ਼ਾਨ ਕਰਦੀ ਹੈ |
ਵਿਨੇ ਦਿਉੜਾ ਦੇ ਪਿਤਾ ਬੰਟੀ ਦਿਉੜਾ ਨੇ ਮੋਹਾਲੀ ਪੁਲਿਸ ਦੇ ਉਸ ਦਾਅਵੇ ਦਾ ਖੰਡਨ ਕੀਤਾ ਜਿਸ ਵਿਚ ਵਿਨੇ ਦਿਉੜਾ ਨੂੰ ਖੱਬੂ ਆਖ ਕੇ ਵਿੱਕੀ ਮਿੱਡੂਖੇੜਾ ਦੇ ਕਤਲ ਕਾਂਡ ਨਾਲ ਜੋੜਨ ਦੀ ਗੱਲ ਆਖੀ ਗਈ ਸੀ ਪਰ ਵਿਨੇ ਦਿਉੜਾ ਤਾਂ ਸੱਜੂ ਹੈ ਤੇ ਉਹ ਹਰ ਕੰਮ ਸੱਜੇ ਹੱਥ ਨਾਲ ਕਰਦਾ ਹੈ | ਕਰੀਬ ਚਾਰ ਸਾਲ ਪਹਿਲਾਂ 15 ਜੁਲਾਈ 2017 ਨੂੰ ਕਤਲ ਹੋ ਚੁੱਕੇ ਅਪਣੇ ਪੁੱਤਰ ਲਵੀ ਦਿਉੜਾ ਦਾ ਜ਼ਿਕਰ ਕਰਦਿਆਂ ਉਸ ਦੇ ਮਾਤਾ-ਪਿਤਾ ਨੇ ਅੱਖਾਂ 'ਚੋਂ ਅੱਥਰੂ ਕੇਰਦਿਆਂ ਆਖਿਆ ਕਿ ਉਹ ਤਾਂ ਅਪਣੇ ਪੁੱਤਰ ਵਿਨੇ ਦੇ ਵਿਆਹ ਬਾਰੇ ਸੋਚ ਰਹੇ ਹਨ | ਵਿਨੇ ਖੁਦ ਸੁਧਰਨਾ ਚਾਹੁੰਦਾ ਹੈ ਪਰ ਪੁਲਿਸ ਉਸ ਨੂੰ ਸੁਧਰਨ ਨਹੀਂ ਦੇਣਾ ਚਾਹੁੰਦੀ ਅਰਥਾਤ ਬਿਨਾਂ ਕਸੂਰੋਂ ਨਾਜਾਇਜ਼ ਤੰਗ-ਪ੍ਰੇਸ਼ਾਨ ਕਰ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਵਿਨੇ ਦਾ ਕੋਈ ਅਪਰਾਧਕ ਪਿਛੋਕੜ ਨਹੀਂ, ਉਸ ਉਪਰ ਨਸ਼ੀਲੇ ਪਦਾਰਥਾਂ ਦਾ ਝੂਠਾ ਪਰਚਾ ਪਾ ਕੇ ਜੇਲ ਭੇਜ ਦਿਤਾ ਗਿਆ ਸੀ | ਉਨ੍ਹਾਂ ਵਿੱਕੀ ਮਿੱਡੂਖੇੜਾ ਦੇ ਵਿਛੋੜੇ 'ਤੇ ਦੁੱਖ ਪ੍ਰਗਟਾਉਂਦਿਆਂ ਆਖਿਆ ਕਿ ਸਾਨੂੰ ਲਵੀ ਦਿਉੜੇ ਦੀ ਤਰਾਂ ਵਿੱਕੀ ਦੇ ਵਿਛੋੜੇ ਦਾ ਵੀ ਉਨਾ ਹੀ ਦੁੱਖ ਹੈ |
ਫੋਟੋ :- ਕੇ.ਕੇ.ਪੀ.-ਗੁਰਿੰਦਰ-14-5ਈ