ਅਰਵਿੰਦ ਕੇਜਰੀਵਾਲ ਨੇ 75 ਆਮ ਆਦਮੀ ਕਲੀਨਿਕ ਖੁੱਲ੍ਹਣ 'ਤੇ ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਆਰੀ ਪ੍ਰਾਇਮਰੀ ਹੈਲਥਕੇਅਰ ਤੱਕ ਪਹੁੰਚ ਭਾਰਤ ਨੂੰ ਸਿਹਤਮੰਦ ਅਤੇ ਮਜ਼ਬੂਤ ​​ਬਣਾਉਣ ਦਾ ਆਧਾਰ ਹੈ: ਰਾਘਵ ਚੱਢਾ

Arvind Kejriwal congratulated the people of Punjab on the opening of 75 Aam Aadmi Clinics

 

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੀ ਸ਼ਲਾਘਾ ਕੀਤੀ ਅਤੇ ਸੂਬੇ ਵਿਚ 75 ਆਮ ਆਦਮੀ ਕਲੀਨਿਕ ਖੁੱਲ੍ਹਣ 'ਤੇ ਪੰਜਾਬੀਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਰਕਾਰ ਜਲਦ ਹੀ ਸੂਬੇ ਦੇ ਹਰ ਪਿੰਡ ਵਿਚ ਮੁਹੱਲਾ ਕਲੀਨਿਕ ਖੋਲ੍ਹੇਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, "ਪੰਜਾਬ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈਆਂ। ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਸਿਹਤ ਕ੍ਰਾਂਤੀ ਸ਼ੁਰੂ ਹੋ ਗਈ ਹੈ। ਇਹ ਤਾਂ ਸ਼ੁਰੂਆਤ ਹੈ। ਪੰਜਾਬ ਦੇ ਹਰ ਕੋਨੇ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ।"

Aam Aadmi Clinic

 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪੰਜਾਬ ਨੂੰ ਮੁਫ਼ਤ ਅਤੇ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਆਪਣਾ ਵਾਅਦਾ ਪੂਰਾ ਕੀਤਾ ਹੈ। ਵਿਰੋਧੀ ਧਿਰ ਨੂੰ ਆੜੇ ਹੱਥੀਂ ਲੈਂਦਿਆਂ ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅਤੇ ‘ਆਪ’ ਸਰਕਾਰ ਦੀ ਕਾਰਜਸ਼ੈਲੀ ਵਿਚ ਫ਼ਰਕ ਹੈ।  ਮਾਨ ਸਰਕਾਰ ਨੇ ਸਿਰਫ਼ 5 ਮਹੀਨਿਆਂ ਵਿਚ 75 ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕਰਕੇ ਜਨਤਾ ਨਾਲ ਕੀਤਾ ਆਪਣਾ ਵਾਅਦਾ ਪੂਰਾ ਕੀਤਾ। ਜਲਦੀ ਹੀ ਹਰੇਕ ਪਿੰਡ ਵਿਚ ਹੋਰ ਕਲੀਨਿਕ ਖੋਲ੍ਹੇ ਜਾਣਗੇ ਤਾਂ ਜੋ ਲੋਕ ਆਪਣੇ ਘਰਾਂ ਨੇੜੇ ਮੁਫ਼ਤ ਅਤੇ ਵਧੀਆ ਇਲਾਜ ਕਰਵਾ ਸਕਣ। ਕੰਗ ਨੇ ਕਿਹਾ ਕਿ ‘ਆਪ’ ਸਰਕਾਰ ਦੀ ਇਸ ਸਮਾਜ ਭਲਾਈ ਸਕੀਮ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਉਹਨਾਂ ਲਈ ਹੁਣ ਮੁਫ਼ਤ ਅਤੇ ਬਿਹਤਰ ਇਲਾਜ ਉਹਨਾਂ ਦੇ ਘਰਾਂ ਦੇ ਨੇੜੇ ਹੀ ਉਪਲਬਧ ਹੋਵੇਗਾ।

Aam Aadmi Clinic

ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇਸ ਨੂੰ ਇੱਕ ਇਮਾਨਦਾਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਆਜ਼ਾਦੀ ਦਾ ਤੋਹਫ਼ਾ ਦੱਸਦਿਆਂ ਕਿਹਾ, ''ਅਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਮਾਨ ਸਰਕਾਰ ਨੇ ਅੱਜ ਪੰਜਾਬੀਆਂ ਦੀ ਸੇਵਾ ਵਿਚ 75 ਆਮ ਆਦਮੀ ਕਲੀਨਿਕ ਖੋਲ੍ਹੇ ਹਨ। ਇੱਕ ਇਮਾਨਦਾਰ ਸਰਕਾਰ ਦੁਆਰਾ ਇਹ ਆਪਣੇ ਲੋਕਾਂ ਨੂੰ ਆਜ਼ਾਦੀ ਦੇ ਜਸ਼ਨਾਂ ਦਾ ਤੋਹਫ਼ਾ ਹੈ। ਸਵਤੰਤਰ ਭਾਰਤ - ਇੱਕ ਸਿਹਤਮੰਦ ਭਾਰਤ ਦਾ ਸੁਪਨਾ ਹੁਣ ਸਾਕਾਰ ਹੋਵੇਗਾ।"

Aam Aadmi Clinic

 ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ, "ਜਿਵੇਂ ਕਿ ਭਾਰਤ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ, ਅਸੀਂ ਪੰਜਾਬ ਵਿਚ 75 ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕਰ ਰਹੇ ਹਾਂ। ਮਿਆਰੀ ਪ੍ਰਾਇਮਰੀ ਹੈਲਥਕੇਅਰ ਤੱਕ ਪਹੁੰਚ ਭਾਰਤ ਦੇ ਸਿਹਤਮੰਦ ਅਤੇ ਮਜ਼ਬੂਤ ​​ਹੋਣ ਦਾ ਆਧਾਰ ਹੈ।" 'ਆਪ' ਦੇ ਸੰਸਦ ਮੈਂਬਰ ਡਾ: ਸੰਦੀਪ ਪਾਠਕ ਨੇ ਕਿਹਾ, ''ਚੰਗੀ ਸਿਹਤ ਸੇਵਾਵਾਂ ਮਨੁੱਖੀ ਅਧਿਕਾਰ ਹਨ ਅਤੇ ਆਮ ਆਦਮੀ ਪਾਰਟੀ ਨੇ ਇਸ ਨੂੰ ਹਕੀਕਤ ਬਣਾ ਦਿੱਤਾ ਹੈ। ਦਿੱਲੀ ਦੀ ਤਰਜ਼ 'ਤੇ ਹੁਣ ਪੰਜਾਬ 'ਚ ਵੀ 75 ਆਮ ਆਦਮੀ ਕਲੀਨਿਕ ਸ਼ੁਰੂ ਹੋ ਗਏ ਹਨ।  ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਾਂ।'