ਮੁੱਖ ਮੰਤਰੀ ਵੱਲੋਂ ਫਿਊਚਰ ਟਾਈਕੂਨ-2 ਸਟਾਰਟਅੱਪ ਚੈਲੇਂਜ ਪ੍ਰੋਗਰਾਮ ਦੇ ਦੂਜੇ ਐਡੀਸ਼ਨ ਦੀ ਸ਼ੁਰੂਆਤ

ਏਜੰਸੀ

ਖ਼ਬਰਾਂ, ਪੰਜਾਬ

ਇਛੁੱਕ ਵਿਅਕਤੀ ਪੋਰਟਲ HTTPS://TINYURL.COM/4W3AE3KB ‘ਤੇ ਕਰ ਸਕਦੇ ਹਨ ਆਨਲਾਈਨ ਰਜਿਸਟ੍ਰੇਸ਼ਨ

CM Bhagwant Singh Mann Launches The Second Edition Of Future Tycoon 2 Start Up Challenge Program

ਪਟਿਆਲਾ : ਵਿਦਿਆਰਥੀਆਂ ਦੀ ਉੱਦਮੀ ਭਾਵਨਾ ਨੂੰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਫਿਊਚਰ ਟਾਈਕੂਨ (ਭਵਿੱਖ ਦੇ ਕਾਰੋਬਾਰੀ) ਦੇ ਦੂਜੇ ਸਟਾਰਟਅੱਪ ਚੈਲੇਂਜ ਪ੍ਰੋਗਰਾਮ ਦੇ ਦੂਜੇ ਐਡੀਸ਼ਨ ਦੀ ਸ਼ੁਰੂਆਤ ਕੀਤੀ ਗਈ। ਆਜ਼ਾਦੀ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਥੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਨਿਵੇਕਲੀ ਪਹਿਲਕਦਮੀ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਇਹ ਕਦਮ ਲੋਕਾਂ ਨੂੰ ਉੱਦਮੀ ਬਣਨ ਦੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮੌਕਾ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਆਪਣਾ ਉੱਦਮ ਸ਼ੁਰੂ ਕਰਨ ਦੇ ਇਛੁੱਕ ਵਿਅਕਤੀ ਰਜਿਸਟ੍ਰੇਸ਼ਨ ਵਾਸਤੇ https://tinyurl.com/4w3ae3kb ਪੋਰਟਲ ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਚਾਰ ਸ਼੍ਰੇਣੀਆਂ ਭਾਵ ਵਿਦਿਆਰਥੀ/ਨੌਜਵਾਨ ਉੱਦਮੀ, ਮਹਿਲਾ ਉੱਦਮੀ, ਪੀ.ਡਬਲਿਊ.ਡੀ. ਇੰਟਰਪ੍ਰੀਊਨਰਜ਼ ਅਤੇ ਓਪਨ ਕੈਟਾਗਰੀ ਇੰਟਰਪ੍ਰੀਊਨਰਜ਼ ਲਈ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਚੈਲੇਂਜ ਦੇ ਜੇਤੂ  ਬਿਨੈਕਾਰਾਂ ਨੂੰ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਰ ਮਦਦ ਦੇ ਨਾਲ-ਨਾਲ ਹਰ ਵਰਗ ਦੇ ਜੇਤੂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਬਿਨੈਕਾਰ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ, ਪਟਿਆਲਾ ਦੀ ਮਦਦ ਲੈ ਸਕਦੇ ਹਨ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਇਹ ਯੋਜਨਾ ਉਭਰਦੇ ਉੱਦਮੀਆਂ ਨੂੰ ਪਲੇਟਫਾਰਮ ਪ੍ਰਦਾਨ ਕਰਕੇ ਖਿੱਤੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਵਿੱਚ ਵਧੇਰੇ ਮਦਦਗਾਰ ਸਾਬਿਤ ਹੋਵੇਗੀ।

ਜ਼ਿਕਰਯੋਗ ਹੈ ਕਿ ਇਸ ਫਿਊਚਰ ਟਾਈਕੂਨ ਸਟਾਰਟ ਅੱਪ ਚੈਲੇਂਜ ਪ੍ਰੋਗਰਾਮ ਦਾ ਪਹਿਲਾ ਐਡੀਸ਼ਨ ਸਾਲ 2022 ਵਿੱਚ ਹੋਇਆ ਸੀ, ਜਿਸਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਪਿਛਲੇ ਸਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਪ੍ਰੋਗਰਾਮ ਵਿੱਚ ਲਗਭਗ 418 ਲੋਕਾਂ ਨੇ ਹਿੱਸਾ ਲਿਆ ਸੀ ਅਤੇ ਕਾਰੋਬਾਰ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਚਾਰ ਸ਼੍ਰੇਣੀਆਂ ਵਿੱਚੋਂ ਚਾਰ ਜੇਤੂਆਂ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਰ ਜ਼ਰੂਰੀ ਸਹਾਇਤਾ ਦੇ ਨਾਲ ਵਿੱਤੀ ਸਹਾਇਤਾ ਦਿੱਤੀ ਗਈ।