'ਅਜਿਹੀ ਆਜ਼ਾਦੀ ਦਾ ਸਾਨੂੰ ਕੀ ਫ਼ਾਇਦਾ, ਅਸੀਂ ਮਰਜ਼ੀ ਨਾਲ ਤਾਰੋਂ ਪਾਰ ਆਪਣੇ ਹੀ ਖੇਤਾਂ 'ਚ ਨਹੀਂ ਜਾ ਸਕਦੇ'
ਅਟਾਰੀ ਸਰਹੱਦ 'ਤੇ ਜ਼ੀਰੋ ਲਾਈਨ ਦੇ ਨਾਲ ਲੱਗਦੇ ਪਿੰਡ ਮੂਲਾ ਕੋਟ ਪਹੁੰਚੀ ਸਪੋਕਸਮੈਨ ਦੀ ਟੀਮ
ਅੰਮ੍ਰਿਤਸਰ ( ਗਗਨਦੀਪ ਕੌਰਸਰਵਣ ਰੰਧਾਵਾ): ਅੱਜ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਹਜੇ ਵੀ ਲੋਕ ਆਜ਼ਾਦੀ ਤੋਂ ਸਿੱਖਣੇ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਅਟਾਰੀ ਸਰਹੱਦ 'ਤੇ ਬਿਲਕੁਲ ਜ਼ੀਰੋ ਲਾਈਨ ਦੇ ਨਾਲ ਲੱਗਦੇ ਪਿੰਡ ਮੂਲਾ ਕੋਟ ਪਹੁੰਚ ਲੋਕਾਂ ਨਾਲ ਆਜ਼ਾਦੀ ਦਿਹਾੜੇ ਨੂੰ ਲੈ ਕੇ ਗੱਲਬਾਤ ਕੀਤੀ। ਸੁਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਕਹਿੰਦੇ ਹਨ ਆਜ਼ਾਦੀ ਮਿਲ ਗਈ ਪਰ ਸਾਨੂੰ ਤਾਂ ਕਿਸੇ ਕਿਸਮ ਦੀ ਕੋਈ ਆਜ਼ਾਦੀ ਨਹੀਂ ਮਿਲੀ। ਦੁਪਹਿਰੇ 10 ਵਜੇ ਤਾਰਾਂ ਪਾਰ ਕਰਕੇ ਕੰਮ 'ਤੇ ਜਾਣਾ ਪੈਂਦਾ ਤੇ ਦੁਪਹਿਰੇ 2 ਵਜੇ ਵਾਪਸ ਆਉਣਾ ਪੈਂਦਾ। ਉਨ੍ਹਾਂ ਕਿਹਾ ਕਿ ਅਸੀਂ ਗੁਲਾਮ ਹਾਂ ਅਪਣੀ ਮਰਜ਼ੀ ਨਾਲ ਅਪਣੇ ਖੇਤਾਂ ਵਿਚ ਨਹੀਂ ਜਾ ਸਕਦੇ।
ਇਹ ਵੀ ਪੜ੍ਹੋ: ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਹੋਇਆ ਕਿਸਾਨ, 18 ਕਿੱਲੇ ਜ਼ਮੀਨ ਨੂੰ ਦਰਿਆ ਨੇ ਲਗਾ ਦਿਤਾ ਖੋਰਾ
ਉਨ੍ਹਾਂ ਕਿਹਾ ਕਿ ਲੋਕ ਵਾਘਾ ਬਾਰਡਰ 'ਤੇ ਆਜ਼ਾਦੀ ਦਿਵਸ ਦਾ ਜਸ਼ਨ ਮਨਾ ਕੇ ਚਲੇ ਜਾਂਦੇ ਹਨ। ਅਸੀਂ ਚਾਹੁੰਦੇ ਹਾਂ ਜਿਹੜੇ ਲੋਕ ਵਾਘਾ ਬਾਰਡਰ ਵੇਖਣ ਆਉਂਦੇ ਹਨ, ਉਹ ਸਾਡੀਆਂ ਤਾਰਾਂ ਵੇਖਣ ਆਉਣ ਫਿਰ ਪਤਾ ਲੱਗੇ ਆਜ਼ਾਦੀ ਕੀ ਹੈ। ਸੁਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਬਾਰਡਰੋਂ ਪਾਰ ਖੇਤੀ ਲਈ ਸਵੇਰ 10 ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਦਾ ਸਮਾਂ ਮਿਲਦਾ ਹੈ। ਪੈਲੀ ਦਾ ਨੰਬਰ ਵੇਖ ਕੇ ਬੀਐਸਐਫ ਵਲੋਂ ਸਾਡਾ ਕਾਰਡ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਤਾਰੋਂ ਪਾਰ ਖੇਤਾਂ ਵਾਲੀ ਮੋਟਰ ਸੜ ਜਾਂਦੀ ਹੈ ਤਾਂ ਸਾਨੂੰ ਕੰਪਨੀ ਕਮਾਂਡਰੋਂ ਤੋਂ ਆਗਿਆ ਲੈਣੀ ਪੈਂਦੀ ਹੈ। ਇਕ ਪੱਤਰ ਲਿਖ ਕੇ ਉਸ 'ਤੇ ਪਿੰਡ ਦੇ ਸਰਪੰਚ ਦੀ ਮੋਹਰ ਲਗਵਾਉਣੀ ਪੈਂਦੀ ਹੈ। ਸਾਰੀ ਪੁੱਛ ਪੜਤਾਲ ਕਰਨ ਤੋਂ ਬਾਅਦ ਸਾਨੂੰ ਮੋਟਰ ਬਦਲਾਉਣ ਦੀ ਆਗਿਆ ਮਿਲਦੀ ਹੈ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਨੇ ਲਹਿਰਾਇਆ ਤਿਰੰਗਾ, ਬੋਲੇ- 'ਭ੍ਰਿਸ਼ਟਾਚਾਰ ਖ਼ਤਮ ਕਰ ਕੇ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਹੈ,
ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਸੁਰਜੀਤ ਸਿੰਘ ਨੇ ਕਿਹਾ ਕਿ ਮੀਡੀਆ 'ਤੇ ਰੌਲਾ ਪਾ ਰਹੇ ਹੋ ਕਿ ਅਸੀਂ ਸਾਰੀਆਂ ਸਹੂਲਤਾਂ ਦੇ ਰਹੇ ਹਾਂ ਪਰ ਬਾਰਡਰ ਦੇ ਲੋਕਾਂ ਦੀ ਆ ਕੇ ਹਾਲਤ ਵੇਖਣ। ਉਨ੍ਹਾਂ ਕਿਹਾ ਕਿ ਸਾਨੂੰ ਕੋਈ ਸਹੂਲਤਾਂ ਨਹੀਂ ਦਿਤੀਆਂ ਦੂਰ-ਦੂਰ ਤੱਕ ਸਕੂਲ, ਹਸਪਤਾਲ ਨਹੀਂ ਹਨ। ਸਾਡੇ ਬੱਚੇ ਕਈ ਕਿਲੋਮੀਟਰ ਦੂਰ ਪੜ੍ਹਨ ਲਈ ਜਾਂਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਨੂੰ ਬੀਐਸਐਫ ਵਲੋਂ ਵੱਧ ਤੋਂ ਵੱਧ ਸਮਾਂ ਦਿਵਾਇਆ ਜਾਵੇ। ਤਾਰੋਂ ਪਾਰ ਖੇਤੀ ਲਈ ਸਾਨੂੰ ਵੱਧ ਤੋਂ ਵੱਧ ਸਮਾਂ ਮਿਲੇ। ਗੁਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਤਾਰੋਂ ਪਾਰ ਮਜ਼ਦੂਰ ਲੈ ਕੇ ਜਾਣ 'ਚ ਬਹੁਤ ਮੁਸ਼ਕਿਲ ਆਉਂਦੀ ਹੈ। ਕਾਮੇ ਉਧਰ ਜਾ ਕੇ ਕੰਮ ਕਰਨ ਲਈ ਛੇਤੀ ਤਿਆਰ ਨਹੀਂ ਹੁੰਦੇ ਹਨ।
ਜੇ ਤਿਆਰ ਹੋ ਜਾਣ ਫਿਰ ਦਿਹਾੜੀ ਜ਼ਿਆਦਾ ਮੰਗਦੇ ਹਨ। ਫਿਰ ਤਾਰੋਂ ਪਾਰ ਮਜ਼ਦੂਰ ਲੈ ਕੇ ਜਾਣ ਲਈ ਉਨ੍ਹਾਂ ਦੇ ਕਾਰਡ ਬਣਵਾਉਣੇ ਪੈਂਦੇ ਹਨ। ਨੌਜਵਾਨ ਗੁਰਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਹਾਲਾਤ ਬਹੁਤ ਮਾੜੇ ਹਨ। ਸਰਕਾਰ ਨੇ ਬਾਰਡਰ ਦੇ ਲੋਕਾਂ ਨੂੰ ਕੋਈ ਸਹੂਲਤਾਂ ਨਹੀਂ ਦਿਤੀਆਂ। ਐਮਰਜੈਂਸੀ ਲਈ ਕੋਈ ਹਸਪਤਾਲ ਨੇੜੇ-ਤੇੜੇ ਨਹੀਂ ਹੈ। ਉਨ੍ਹਾਂ ਕਿਹਾ ਕਿ ਇਥੋਂ ਸਕੂਲ 10 ਕਿਲੋਮੀਟਰ ਦੂਰ ਹੈ। ਬੱਚਿਆਂ ਨੂੰ ਸਕੂਲ ਛੱਡ ਕੇ ਆਉਣਾ ਪੈਂਦਾ ਹੈ। ਸੁਰਜੀਤ ਸਿੰਘ ਨੇ ਬੇਨਤੀ ਕੀਤੀ ਕਿ ਸਾਨੂੰ ਤਾਰੋਂ ਪਾਰ ਸਵੇਰੇ 6 ਵਜੇ ਖੇਤੀ ਕਰਨ ਦੀ ਆਗਿਆ ਮਿਲੇ। ਉਦੋਂ ਗਰਮੀ ਘੱਟ ਹੁੰਦੀ ਹੈ।