Sangrur News : ਨੌਜਵਾਨ ਨੇ ਸਹੁਰਿਆਂ ਤੋਂ ਤੰਗ ਆ ਕੇ ਚੁੱਕਿਆ ਖੌਫ਼ਨਾਕ ਕਦਮ ,ਸਾਲ ਪਹਿਲਾਂ ਹੋਇਆ ਸੀ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਆਰੋਪ ਲਾਇਆ

File photo

Sangrur News : ਸੰਗਰੂਰ 'ਚ ਵੀਰਵਾਰ ਨੂੰ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਬਸੰਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਆਰੋਪ ਲਾਇਆ ਹੈ। ਪਰਿਵਾਰ ਮੁਤਾਬਕ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਮ੍ਰਿਤਕ ਬਸੰਤ ਸਿੰਘ ਦੇ ਪਿਤਾ ਪਿਆਰਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰਾਮਪੁਰਾ ਰੋਡ ਨੇ ਦੱਸਿਆ ਕਿ ਉਸ ਦੇ 28 ਸਾਲਾ ਲੜਕੇ ਬਸੰਤ ਸਿੰਘ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਖੁਸ਼ਪ੍ਰੀਤ ਕੌਰ ਉਰਫ ਖੁਸ਼ੀ ਪੁੱਤਰੀ ਲਖਵੀਰ ਸਿੰਘ ਉਰਫ ਲੱਖਾ ਵਾਸੀ ਅਗੇਤਾ ਥਾਣਾ ਸਦਰ ਨਾਭਾ ਨਾਲ ਹੋਇਆ ਸੀ।  

ਉਨ੍ਹਾਂ ਨੇ ਆਰੋਪ ਲਾਇਆ ਕਿ ਉਸ ਦੇ ਪੁੱਤਰ ਨੂੰ ਉਸ ਦੀ ਪਤਨੀ, ਸੱਸ ਅਤੇ ਵਿਚੋਲੇ ਵੱਲੋਂ ਕਥਿਤ ਤੌਰ ’ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤੋਂ ਤੰਗ ਆ ਕੇ ਉਸ ਦੇ ਲੜਕੇ ਨੇ ਬੀਤੀ ਸ਼ਾਮ ਆਪਣੇ ਕਮਰੇ 'ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਪੁਲਿਸ ਨੇ ਮਾਮਲਾ ਦਰਜ ਕਰ ਲਿਆ

ਪੁਲੀਸ ਨੇ ਪਿਆਰਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਖੁਸ਼ਪ੍ਰੀਤ ਕੌਰ ਉਰਫ਼ ਖੁਸ਼ੀ, ਸੱਸ ਜੀਤ ਕੌਰ ਪਤਨੀ ਲਖਵੀਰ ਸਿੰਘ ਉਰਫ਼ ਲੱਖਾ ਅਤੇ ਵਿਚੋਲੇ ਕਰਮਜੀਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਘਨੌਰ ਰਾਜਪੂਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਦਿੜਬਾ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।