ਪੰਜਾਬ ਸਰਕਾਰ ਤੇ ਅਕਾਲੀ ਦਲ ਪੋਲ ਖੋਲ੍ਹ ਰੈਲੀ ਨੂੰ ਲੈ ਕੇ ਹੋਏ ਆਹਮੋ-ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ 16 ਸਤੰਬਰ ਦੀ ਪੋਲ ਖੋਲ੍ਹ ਰੈਲੀ 'ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਹਨ...........

Punjab and Haryana High Court

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ 16 ਸਤੰਬਰ ਦੀ ਪੋਲ ਖੋਲ੍ਹ ਰੈਲੀ 'ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਫ਼ਰੀਦਕੋਟ ਵਿਖੇ ਰੈਲੀ ਕਰਨ ਲਈ ਦ੍ਰਿੜ ਹੈ ਜਦੋਂ ਕਿ ਪੰਜਾਬ ਸਰਕਾਰ ਨੇ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿਤੀ ਹੈ। ਉੱਚ ਭਰੋਸੇਯੋਗ ਸੂਤਰਾਂ ਮੁਤਾਬਕ ਸਰਕਾਰ ਨੂੰ ਖ਼ੁਫ਼ੀਆ ਏਜੰਸੀਆਂ ਨੇ ਰੈਲੀ ਨਾਲ ਸ਼ਾਂਤੀ ਭੰਗ ਹੋਣ ਦੀ ਚੇਤਾਵਨੀ ਦਿਤੀ ਹੈ ਅਤੇ ਹੋਰ ਵੀ ਕਈ ਥਾਵਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਇਹ ਰੈਲੀ ਕੋਟਕਪੂਰਾ ਵਿਖੇ ਰੱਖੀ ਸੀ। ਪਰ ਗਰਮ ਖ਼ਿਆਲੀਆਂ ਦੀਆਂ ਧਮਕੀਆਂ ਤੋਂ ਬਾਅਦ ਰੈਲੀ ਇਕ ਦਿਨ ਲਈ ਅੱਗੇ ਪਾ ਦਿਤੀ ਗਈ ਅਤੇ ਥਾਂ ਵੀ ਬਦਲ ਕੇ ਫ਼ਰੀਦਕੋਟ ਕਰ ਦਿਤੀ ਗਈ ਸੀ। ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਨੂੰ ਲੈ ਕੇ ਇਨਸਾਫ਼ ਮੋਰਚਾ ਲਾਇਆ ਗਿਆ ਹੈ ਅਤੇ ਮੋਰਚੇ ਵਿਚ ਗਰਮ ਧੜੇ ਨਾਲ ਸਬੰਧਤ ਆਗੂ ਸ਼ਿਰਕਤ ਕਰ ਰਹੇ ਹਨ, ਜਿਸ ਕਰ ਕੇ ਦੋਹਾਂ ਧਿਰਾਂ ਵਿਚ ਟਕਰਾਅ ਹੋਣ ਦਾ ਡਰ ਬਣਿਆ ਹੋਇਆ ਹੈ। ਬਰਗਾੜੀ ਤੋਂ ਕੋਟਕਪੂਰਾ ਕੇਵਲ 15 ਕਿਲੋਮੀਟਰ ਅਤੇ ਫ਼ਰੀਦਕੋਟ 35 ਕਿਲੋਮੀਟਰ ਦੂਰ ਹੈ।

ਦਲ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਫ਼ਰੀਦਕੋਟ ਦੀ ਰੈਲੀ ਹਰ ਹੀਲੇ ਹੋ ਕੇ ਰਹੇਗੀ।  ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਲੋਕ ਕਚਹਿਰੀ ਵਿਚ ਘੜੀਸਣ ਦੀ ਚੇਤਾਵਨੀ ਦਿਤੀ ਹੈ। ਭੂੰਦੜ, ਜਿਹੜੇ ਕਿ ਲੋਕ ਸਭਾ ਦੇ ਮੈਂਬਰ ਵੀ ਹਨ, ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿਣ ਕਰ ਕੇ ਤਖ਼ਤ ਦਮਦਮਾ ਸਾਹਿਬ ਵਿਖੇ ਤਨਖ਼ਾਹ (ਧਾਰਮਕ ਸਜ਼ਾ) ਭੁਗਤ ਰਹੇ ਹਨ।

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਕੇ ਪੰਜਾਬ ਸਰਕਾਰ ਦੇ ਫ਼ਰੀਦਕੋਟ ਦੀ ਰੈਲੀ 'ਤੇ ਪਾਬੰਦੀ ਲਾਉਣ ਦੇ ਹੁਕਮਾਂ ਨੂੰ ਚੁਨੌਤੀ ਦੇ ਦਿਤੀ ਹੈ। ਹਾਈ ਕੋਰਟ ਨੇ ਭਲਕ ਨੂੰ 10 ਵਜੇ ਸੁਣਵਾਈ ਰੱਖ ਦਿਤੀ ਹੈ।

ਅਸਲੀਅਤ ਵਿਚ ਹਾਈ ਕੋਰਟ ਦੇ ਫ਼ੈਸਲੇ ਮੂਹਰੇ ਪੰਜਾਬ ਸਰਕਾਰ ਦੇ ਪਾਬੰਦੀ ਦੇ ਹੁਕਮ ਅਤੇ ਅਕਾਲੀ ਦਲ ਬੇਮਾਇਨਾ ਹੋ ਕੇ ਰਹਿ ਜਾਣਗੇ ਅਤੇ ਦੋਵੇਂ ਧਿਰਾਂ ਅਦਾਲਤ ਦੇ ਹੁਕਮ ਮੰਨਣ ਲਈ ਪਾਬੰਦ ਹੋਣਗੀਆਂ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਨੇ ਪੰਜਾਬ ਵਿਚ ਦੂਜੀ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰ ਦਿਤੇ ਹਨ ਅਤੇ ਅਕਾਲੀ ਦਲ ਕਾਂਗਰਸ ਨੂੰ ਲੋਕਾਂ ਦੀ ਕਚਹਿਰੀ ਵਿਚ ਲਿਜਾਣ ਲਈ ਬਜ਼ਿੱਦ ਹੈ। 

ਫ਼ਰੀਦਕੋਟ ਦੇ ਐਸ.ਐਸ.ਪੀ. ਰਾਜਬਚਨ ਸਿੰਘ ਸੰਧੂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਪੰਜਾਬ ਸਰਕਾਰ ਦੇ ਹੁਕਮ ਮੰਨਣ ਦਾ ਪਾਬੰਦ ਹੈ ਅਤੇ ਰੈਲੀ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਖ਼ੁਫ਼ੀਆ ਏਜੰਸੀਆਂ ਨੇ ਰੈਲੀ ਵੇਲੇ ਹਾਲਾਤ ਵਿਗੜਨ ਦੀ ਸੂਹ ਦਿਤੀ ਹੈ, ਜਿਸ ਤੋਂ ਬਾਅਦ ਅਮਨ ਅਮਾਨ ਕਾਇਮ ਰੱਖਣ ਲਈ ਪਾਬੰਦੀ ਦਾ ਫ਼ੈਸਲਾ ਲਿਆ ਗਿਆ ਹੈ।