ਕਾਂਗਰਸੀ ਆਗੂ ਜਮਹੂਰੀਅਤ ਦਾ ਕਤਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ: ਅਕਾਲੀ ਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਆ ਰਹੀਆਂ ਪੰਚਾਇ

SAD

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਆ ਰਹੀਆਂ ਪੰਚਾਇਤ ਚੋਣਾਂ ਦੌਰਾਨ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਕਰਵਾਉਣ ਲਈ ਅਫਸਰਸ਼ਾਹੀ ਨੂੰ ਡਰਾਉਣ ਅਤੇ ਧਮਕਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਕਾਂਗਰਸੀ ਆਗੂ ਸੂਬੇ ਅੰਦਰ ਜਮਹੂਰੀਅਤ ਦਾ ਕਤਲ ਕਰਨ ਦੀ ਕੋਸ਼ਿਸ਼ ਰਹੇ ਹਨ। ਉਹ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਵਾਸਤੇ ਆਪਣੇ ਅਧਿਕਾਰੀਆਂ ਨੂੰ ਵੀ ਧਮਕਾਉਣ ਤੋਂ ਬਾਜ਼ ਨਹੀਂ ਆ ਰਹੇ ਹਨ।

ਉਹ ਜਾਣਦੇ ਹਨ ਕਿ ਉਹ ਪਹਿਲਾਂ ਹੀ ਹਾਰ ਚੁੱਕੇ ਹਨ ਅਤੇ ਹੁਣ ਕਪਟ ਅਤੇ ਜਬਰ ਨਾਲ ਆਪਣੀ ਹਾਰ ਨੂੰ ਜਿੱਤ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।
ਕਾਂਗਰਸੀ ਆਗੂਆਂ ਵੱਲੋਂ ਧਮਕਾਏ ਜਾਣ ਤੋਂ ਮਗਰੋਂ ਆਪਣੀ ਬਦਲੀ ਕੀਤੇ ਜਾਣ ਦੀ ਮੰਗ ਕਰ ਰਹੇ ਮੋਗਾ ਦੇ ਏਡੀਸੀ ਦਾ ਹਵਾਲਾ ਦਿੰਦਿਆਂ  ਸੀਨੀਅਰ ਅਕਾਲੀ ਆਗੂ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਪਹਿਲੀ ਅਜਿਹੀ ਸਰਕਾਰ ਹੈ, ਜਿਹੜੀ ਆਪਣੇ ਹੀ ਅੰਗਾਂ ਦੀ ਰਾਖੀ ਕਰਨ ਜੋਗੀ ਵੀ ਨਹੀਂ ਹੈ।

ਸਰਦਾਰ ਗਰੇਵਾਲ ਨੇ ਸਰਕਾਰੀ ਕਰਮਚਾਰੀਆਂ ਵੱਲੋਂ ਚੋਣ ਡਿਊਟੀ ਤੋਂ ਛੋਟ ਲੈਣ ਲਈ ਵੱਡੀ ਪੱਧਰ ਉੱਤੇ ਦਿੱਤੀਆਂ ਅਰਜ਼ੀਆਂ ਦਾ ਵੀ ਹਵਾਲਾ ਦਿੱਤਾ, ਕਿਉਂਕਿ ਕਾਂਗਰਸੀ ਆਗੂਆਂ, ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾ ਕੇ ਲੋਕਾਂ ਦਾ ਸਾਹਮਣਾ ਕਰਨ ਦਾ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਉਹ ਜਾਣਦੇ ਹਨ ਕਿ ਲੋਕਾਂ ਅੰਦਰ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਖ਼ਿਥਲਾਫ ਗੁੱਸਾ ਭਰਿਆ ਹੋਇਆ ਹੈ।

ਇਹੀ ਕਾਰਣ ਹੈ ਕਿ ਉਹ ਜਬਰੀ ਆਪਣੇ ਹੱਕ ਵਿਚ ਫਤਵਾ ਲੈਣ ਲਈ ਸਰਕਾਰੀ ਮਸ਼ੀਨਰੀ ਉੱਤੇ ਦਬਾਅ ਪਾ ਰਹੇ ਹਨ। ਸਰਦਾਰ ਗਰੇਵਾਲ ਨੇ ਕਿਹਾ ਕਿ ਲੋਕਾਂ ਨੇ ਜਿਹੜੀਆਂ ਉਮੀਦਾਂ ਤਹਿਤ ਇਸ ਸਰਕਾਰ ਨੂੰ ਚੁਣਿਆ ਸੀ, ਇਹ ਉਹਨਾਂ ਉੱਤੇ ਖਰੀ ਨਹੀਂ ਉੱਤਰੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਪਵਿੱਤਰ ਗੁਟਕਾ ਸਾਹਬ ਫੜ ਕੇ ਜਿੰਨੇ ਵੀ ਵਾਅਦੇ ਕੀਤੇ ਸਨ, ਕਾਂਗਰਸ ਸਰਕਾਰ ਉਹਨਾਂ ਸਾਰੇ ਵਾਅਦਿਆਂ ਤੋਂ ਮੁਕਰ ਚੁੱਕੀ ਹੈ।

ਉਹਨਾਂ ਕਿਹਾ ਕਿ ਲੋਕ ਅਜੇ ਤੀਕ ਹਰ ਘਰ ਵਿਚ ਰੁਜ਼ਗਾਰ, ਸ਼ਗਨ ਅਤੇ ਪੈਨਸ਼ਨ ਰਾਸ਼ੀ ਵਿਚ ਵਾਧਾ, ਗਰੀਬਾਂ ਲਈ ਮੁਫਤ ਮਕਾਨ ਅਤੇ ਪੀਐਚਡੀ ਤਕ ਕੁੜੀਆਂ ਲਈ ਮੁਫਤ  ਪੜ•ਾਈ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਸਭ ਤੋਂ ਵੱਡਾ ਧੋਖਾ ਕਿਸਾਨਾਂ ਨਾਲ ਕੀਤਾ ਗਿਆ ਹੈ, ਜਿਹਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਦੇ ਸਾਰੇ ਕਰਜ਼ੇ ਦਾ ਸਿਰਫ ਇੱਕ ਜਾਂ ਦੋ ਫੀਸਦੀ ਹਿੱਸਾ ਮੁਆਫ ਕਰਕੇ ਸਰਕਾਰ ਵੱਲੋਂ ਉਹਨਾਂ ਕੋਲੋਂ ਪਿੱਛਾ ਛੁਡਾਇਆ ਜਾ ਰਿਹਾ ਹੈ।