ਅਕਾਲੀ ਦਲ ਦੇ ਪੈਂਤੜੇ 'ਤੇ ਭੜਕੇ ਭਗਵੰਤ ਮਾਨ, ਲੋਕ ਸਭਾ 'ਚ ਭਾਸ਼ਨ ਦੌਰਾਨ ਸੁਣਾਈਆਂ ਖਰੀਆਂ-ਖਰੀਆਂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ 'ਤੇ ਹਮੇਸ਼ਾ ਦੋਗਲੀ ਨੀਤੀ ਅਪਨਾਉਣ ਦੇ ਲਾਏ ਦੋਸ਼

Bhagwant Mann

ਚੰਡੀਗੜ੍ਹ : ਕੇਂਦਰ ਸਰਕਾਰ ਆਖ਼ਰਕਾਰ ਭਾਰੀ ਵਿਰੋਧ ਦੇ ਬਾਵਜੂਦ ਸੰਸਦ 'ਚ ਜ਼ਰੂਰੀ ਵਸਤਾਂ ਸੋਧ ਬਿੱਲ-2020 ਪਾਸ ਕਰਵਾਉਣ 'ਚ ਕਾਮਯਾਬ ਹੋ ਗਈ ਹੈ। ਇਹ ਬਿੱਲ ਉਨ੍ਹਾਂ ਤਿੰਨ ਆਰਡੀਨੈਂਸਾਂ ਵਿਚੋਂ ਇਕ ਹੈ, ਜੋ ਪਿਛਲੇ ਦਿਨਾਂ ਦੌਰਾਨ ਜਾਰੀ ਕੀਤੇ ਗਏ ਸਨ। ਇਨ੍ਹਾਂ ਆਰਡੀਨੈਂਸਾਂ ਦੇ ਖਿਲਾਫ਼ ਪੰਜਾਬ, ਹਰਿਆਣਾ ਦੇ ਕਿਸਾਨ ਸੜਕਾਂ 'ਤੇ ਹਨ। ਇਸੇ ਐਨ ਮੌਕੇ 'ਤੇ ਪਲਟੀ ਮਾਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਬਿੱਲ ਦਾ ਜ਼ੋਰਦਾਰ ਵਿਰੋਧ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਇਸ ਕਦਮ 'ਤੇ ਚੁਟਕੀ ਲੈਂਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ 'ਚ ਭਾਸ਼ਨ ਦੌਰਾਨ ਅਕਾਲੀ ਦਲ ਵੱਲ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਦੀ ਹਮੇਸ਼ਾ ਹੀ ਇਹ ਨੀਤੀ ਰਹੀ ਹੈ ਕਿ ਉਹ ਇੱਥੇ ਕੁੱਝ ਹੋਰ ਕਹਿ ਦਿੰਦੇ ਹਨ ਤੇ ਪੰਜਾਬ 'ਚ ਜਾ ਕੇ ਕੁੱਝ ਹੋਰ ਬੋਲ ਦਿੰਦੇ ਹਨ। ਇਸੇ ਤਰ੍ਹਾਂ ਜੋ ਕੁੱਝ ਪੰਜਾਬ 'ਚ ਬੋਲਦੇ ਹਨ, ਇੱਥੇ ਆ ਕੇ ਉਸ ਦੇ ਉਲਟ ਭੁਗਤ ਜਾਂਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਐਨ.ਆਰ.ਸੀ. ਦੇ ਮੁੱਦੇ 'ਤੇ ਵੀ ਇਨ੍ਹਾਂ ਨੇ ਇਹੀ ਵਤੀਰਾ ਅਪਨਾਇਆ ਸੀ। ਇੱਥੇ ਇਹ ਐਨ.ਆਰ.ਸੀ. ਦੇ ਹੱਕ 'ਚ ਵੋਟ ਦੇ ਗਏ ਸਨ ਜਦਕਿ ਪੰਜਾਬ 'ਚ ਜਾ ਕੇ ਉਸ ਦਾ ਵਿਰੋਧ ਕਰਨ ਲੱਗ ਪਏ ਸਨ। ਉਨ੍ਹਾਂ ਕਿਹਾ ਕਿ ਹੁਣ ਤਕ ਸ਼੍ਰੋਮਣੀ ਅਕਾਲੀ ਦਲ ਖੇਤੀ ਆਰਡੀਨੈਂਸਾਂ ਦੇ ਗੁਣਗਾਣ ਕਰਦਾ ਰਿਹਾ ਹੈ, ਪਰ ਹੁਣ ਐਨ ਮੌਕੇ 'ਤੇ ਇਸ ਦੇ ਵਿਰੋਧ ਦਾ ਡਰਾਮਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਪਾਸੇ ਬਿੱਲ ਦਾ ਵਿਰੋਧ ਕਰ ਰਹੇ ਹਨ ਜਦਕਿ ਦੂਜੇ ਪਾਸੇ ਮੰਤਰੀ ਦਾ ਅਹੁਦਾ ਵੀ ਮਾਣ ਰਹੇ ਹਨ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਲੇ ਹੁਣ ਕਹਿ ਰਹੇ ਹਨ ਕਿ ਉਨ੍ਹਾਂ ਨੇ ਇਹ ਬਿੱਲ ਪੜ੍ਹਿਆ ਨਹੀਂ ਸੀ, ਜਦਕਿ ਪਿਛਲੇ ਦਿਨਾਂ ਦੌਰਾਨ ਇਹ ਨਰਿੰਦਰ ਤੋਮਰ ਜਿਹੇ ਆਗੂਆਂ ਨੂੰ ਚੰਡੀਗੜ੍ਹ ਬੁਲਾ ਕੇ ਇਨ੍ਹਾਂ ਆਰਡੀਨੈਂਸਾਂ ਦਾ ਗੁਣਗਾਣ ਕਰਵਾ ਚੁੱਕੇ ਹਨ। ਇੰਨਾ ਹੀ ਨਹੀਂ, ਪਿਛਲੇ ਦਿਨਾਂ ਦੌਰਾਨ ਇਨ੍ਹਾਂ ਨੇ ਕੇਂਦਰ ਦੀ ਜਵਾਬੀ ਚਿੱਠੀ ਦੇ ਜਵਾਬ 'ਚ ਵੀ ਇਹੀ ਪ੍ਰਚਾਰ ਕੀਤਾ ਸੀ ਕਿ ਇਹ ਬਿੱਲ ਕਿਸਾਨਾਂ ਦੇ ਹਿੱਤ 'ਚ ਹੈ। ਜਦਕਿ ਹੁਣ ਐਨ ਮੌਕੇ 'ਤੇ ਇਸ ਦਾ ਵਿਰੋਧ ਕਰਦਿਆਂ ਇਸ ਖਿਲਾਫ਼ ਵੋਟ ਦੇ ਰਹੇ ਹਨ।

ਭਗਵੰਤ ਮਾਨ ਨੇ ਬਿੱਲ ਖਿਲਾਫ਼ ਵਿਰੋਧ ਦਰਜ ਕਰਵਾਉਂਦਿਆਂ ਕਿਹਾ ਕਿ ਇਹ ਬਿੱਲ ਅਸਲ ਵਿਚ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥ ਕਿਸਾਨਾਂ ਦੀ ਲੁੱਟ ਦਾ ਲਾਇਸੰਸ ਹੈ, ਜੋ ਇਸ ਬਿੱਲ ਦੇ ਪਾਸ ਹੋਣ ਬਾਅਦ ਅਪਣੀ ਮਨਮਰਜ਼ੀ ਕਰਨ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਕਾਰੋਬਾਰੀ ਹਿਤਾਂ ਤਹਿਤ ਉਹ ਜਦੋਂ ਚਾਹੁਣਗੇ, ਕਿਸੇ ਚੀਜ਼ ਦੀ ਕਮੀ ਪੈਦਾ ਕਰ ਕੇ ਕੀਮਤਾਂ ਵਧਾ ਦੇਣਗੇ ਅਤੇ ਜਦੋਂ ਚਾਹੁਣਗੇ ਕੀਮਤਾਂ ਘੱਟ ਕਰ ਦੇਣਗੇ।