ਕਿਸਾਨਾਂ ਨੇ ਅੱਜ ਸਫ਼ਲ ਧਰਨੇ ਦੇ ਕੇ ਸੰਕੇਤ ਦੇ ਦਿਤਾ ਕਿ 15 ਨੂੰ ਕੀ ਹੋਵੇਗਾ
ਕਿਸਾਨਾਂ ਨੇ ਅੱਜ ਸਫ਼ਲ ਧਰਨੇ ਦੇ ਕੇ ਸੰਕੇਤ ਦੇ ਦਿਤਾ ਕਿ 15 ਨੂੰ ਕੀ ਹੋਵੇਗਾ
ਚੰਡੀਗੜ੍ਹ, 14 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਮੋਦੀ ਸਰਕਾਰ ਵਲੋਂ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਦਿਆਂ ਵਿਸ਼ਵ ਬੈਂਕ ਅਤੇ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਕੀਤੇ ਤਿੰਨੇ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020, ਕਿਰਤ ਕਾਨੂੰਨ ਸੋਧ ਬਿੱਲ 2020, ਬੈਂਕਿੰਗ ਰੈਗੂਲੇਸ਼ਨ ਬਿਲ 2020, ਵਾਤਾਵਰਣ ਕਾਨੂੰਨ ਸੋਧ ਬਿੱਲ 2020 ਆਦਿ 11 ਆਰਡੀਨੈਂਸਾਂ, 23 ਬਿਲਾਂ ਨੂੰ ਕਾਨੂੰਨੀ ਰੂਪ ਦੇਣ ਲਈ ਸੰਸਦ ਦੇ ਇਜਲਾਸ ਵਿਚ ਰੱਖਣ ਵਿਰੁਧ ਅੱਜ ਪੰਜਾਬ ਵਿਚ ਥਾਂ-ਥਾਂ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ ਧਰਨੇ ਦਿਤੇ ਗਏ। ਇਸੇ ਲੜੀ ਤਹਿਤ ਹਰੀਕੇ ਹੈੱਡ ਬੰਗਾਲੀ ਪੁਲ ਉਤੇ ਮੁਕੰਮਲ ਆਵਾਜਾਈ ਠੱਪ ਕੀਤੀ ਤੇ ਜੇਲ ਭਰੋ ਮੋਰਚੇ ਦੇ 8ਵੇਂ ਦਿਨ ਵੀ ਅੰਮ੍ਰਿਤਸਰ, ਤਰਨ ਤਾਰਨ ਫ਼ਿਰੋਜ਼ਪੁਰ ਵਿਚ ਧਰਨੇ ਜਾਰੀ ਰਹੇ। ਇਸੇ ਤਰ੍ਹਾਂ ਅੱਜ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਤੇ ਬਿਆਸ ਦਰਿਆ ਪੁਲ ਨੇੜੇ ਧਰਨਾ ਲਾ ਕੇ ਰੋਡ ਜਾਮ ਕੀਤਾ ਗਿਆ। ਦੇਸ਼ ਦੀਆਂ 250 ਕਿਸਾਨ ਜਥੇਬੰਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਹਮਾਇਤ 'ਚ ਕੇਂਦਰ ਸਰਕਾਰ ਵਲੋਂ ਜਾਰੀ ਕਿਸਾਨ ਵਿਰੋਧੀ ਤਿੰਨ ਅਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ 2020 ਦੇ ਵਿਰੋਧ ਵਿਚ ਅਤੇ ਹੋਰ ਕਿਸਾਨੀ
ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁਧ ਇਹ ਧਰਨਾ ਦਿੰਦੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਹਰੇਬਾਜ਼ੀ ਕੀਤੀ।
ਹਰੀਕੇ ਹੈੱਡ 'ਤੇ ਧਰਨਾਕਾਰੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਠੱਠਾ, ਸੁਰਿੰਦਰ ਸਿੰਘ ਫ਼ਾਜ਼ਿਲਕਾ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਮਹਿਲਾ ਆਗੂ ਸਿਮਰਨ ਕੌਰ ਜਲਾਲਾਬਾਦ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਉਕਤ ਆਰਡੀਨੈਂਸਾਂ ਦੇ ਵਿਰੁਧ ਵੋਟ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ ਤੇ ਸਖ਼ਤ ਚਿਤਾਵਨੀ ਦਿਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਹੱਕ ਵਿਚ ਵੋਟ ਪਾਈ ਉਨ੍ਹਾਂ ਨੂੰ ਪਿੰਡਾਂ ਵਿਚ ਨਹੀਂ ਵੜਨ ਦਿਤਾ ਜਾਵੇਗਾ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਉਕਤ ਆਰਡੀਨੈਂਸ ਕਿਸਾਨੀ ਕਿੱਤੇ ਨੂੰ ਕਾਰਪੋਰੇਟ ਕੰਪਨੀਆਂ ਵਲ ਧੱਕਣ ਦੇ ਨਾਲ ਨਾਲ ਦੇਸ਼ ਦੇ ਸੰਘੀ ਢਾਂਚੇ (ਫ਼ੈਡਰਲਿਜਮ) ਨੂੰ ਤੋੜ ਕੇ ਕੇਂਦਰੀ ਕਰਨ ਦੀ ਮੋਦੀ ਸਰਕਾਰ ਦੀ ਨੀਤੀ ਵਲ ਸੇਧਤ ਹਨ, ਜੋ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਤੇ ਰਾਜਾਂ ਦੀਆਂ ਸੰਘੀ ਰਾਜਾਂ ਦੀ ਸ਼ਕਤੀਆਂ ਘਟਾ ਕੇ ਨਗਰ ਕੌਸਲਾਂ ਬਣਾਉਣ ਦੀ ਕਵਾਇਦ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਵਲੋਂ ਅਪਣੇ ਸਿਧਾਂਤਾਂ ਤੋਂ ਪਿੱਛੇ ਹਟ ਕੇ ਕੈਬਨਿਟ ਮੀਟਿੰਗ ਵਿਚ ਉਕਤ ਖੇਤੀ ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ 2020 ਦੇ ਹੱਕ ਵਿਚ ਵੋਟ ਪਾਉਣੀ ਤੇ ਗਿੱਦੜ ਚਿੱਠੀ ਕੇਂਦਰ ਤੋਂ ਲਿਆ ਕੇ ਆਰਡੀਨੈਂਸਾਂ ਦੀ ਵਕਾਲਤ ਕਰਨੀ ਤੇ ਸੰਘੀ ਢਾਂਚੇ ਅਧੀਨ ਰਾਜਾਂ ਨੂੰ ਮਿਲੀਆਂ ਸ਼ਕਤੀਆਂ ਨੂੰ ਅਰਥਹੀਣ ਕਰਨ ਲਈ ਸਹਾਈ ਹੋਣਾ ਰਾਜਨੀਤਿਕ ਖ਼ੁਦਕੁਸ਼ੀ ਕਰਨ ਦੇ ਬਰਾਬਰ ਹੈ।
ਕੈਪਸ਼ਨ—ਏ ਐਸ ਆਰ ਬਹੋੜੂ— 14— 1 ਕਿਸਾਨ,ਮਜ਼ਦੂਰ ਬਿਆਸ ਪੁੱਲ ਤੇ ਧਰਨਾ ਲਾ ਕੇ ਬੈਠੇ ।
ਕਿਸਾਨ ਵਿਰੋਧੀ ਆਰਡੀਨੈਂਸਾਂ ਵਿਰੁਧ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸੜਕਾਂ 'ਤੇ ਉਤਰੇ ਕਿਸਾਨ
ਕਿਸਾਨ, ਮਜ਼ਦੂਰ ਬਿਆਸ ਪੁਲ 'ਤੇ ਧਰਨਾ ਦਿੰਦੇ ਹੋਏ।