ਨੌਜਵਾਨ ਦੇ ਗੋਲੀ ਮਾਰ ਵਰਨਾ ਕਾਰ ਖੋਹਣ ਵਾਲੇ ਲੁਟੇਰਿਆਂ ਨੂੰ ਪੰਜਾਬ ਪੁਲਿਸ ਨੇ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

32 ਬੋਰ ਦੇ ਪਿਸਤੌਲ 10 ਜਿੰਦਾ ਰੌਂਦ ਬਰਾਮਦ

file photo

ਗੁਰਦਾਸਪੁਰ: ਕੋਰੋਨਾ ਦੇ ਚਲਦਿਆਂ ਲਾਕਡਾਊਨ ਵਿੱਚ ਵਰਨਾ ਗੱਡੀ ਖੋਹ ਕੇ  ਫਰਾਰ ਤਿਨ੍ਹਾਂ ਦੋਸ਼ੀਆਂ ਨੂੰ ਗੁਰਦਾਸਪੁਰ ਪੁਲਿਸ ਨੇ 32 ਬੋਰ ਦੇ ਪਿਸਤੌਲ 10 ਜਿੰਦਾ ਰੌਂਦਾ ਸਮੇਤ ਗਿਰਫ਼ਤਾਰ ਕਰ ਲਿਆ ਹੈ।

 ਜ਼ਿਕਰਯੋਗ  ਹੈ ਕਿ ਕੋਰੋਨਾ ਦੇ ਚਲਦਿਆਂ ਜਿੱਥੇ ਲਾਕਡਾਊਨ ਲੱਗਿਆ ਹੋਇਆ, ਉਥੇ ਹੀ ਇਸ ਦੌਰਾਨ ਲੁੱਟ ਖੋਹ ਦੀਆਂ ਵਾਰਦਾਤਾਂ ਇੰਨੀਆਂ ਜ਼ਿਆਦਾ ਵਧਦੀਆਂ ਜਾ ਰਹੀਆਂ ਨੇ, ਜਿਨ੍ਹਾਂ ਨੂੰ ਦੇਖ ਕੇ ਇੰਝ ਜਾਪਦਾ ਕਿ ਲੁਟੇਰਿਆਂ ਨੂੰ ਪੁਲਿਸ ਦਾ ਰੱਤੀ ਭਰ ਵੀ ਖੌਫ਼ ਨਹੀਂ ਰਿਹਾ।

ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਗਏ ਨੇ ਕਿ ਉਹ ਆਏ ਦਿਨ ਹੀ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜ਼ਾਮ ਦਿੰਦੇ ਰਹਿੰਦੇ ਨੇ। ਦੱਸ ਦੇਈਏ ਕਿ ਪਿਛਲੇ ਦਿਨੀਂ ਗੁਰਦਾਸਪੁਰ ਦੇ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇ 'ਤੇ ਬਣੇ ਮੰਚੀਜ਼ ਹੋਟਲ ਦੇ ਬਾਹਰ ਵੀ ਲੁਟੇਰਿਆਂ ਨੇ ਇਕ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।

ਜਿੱਥੇ ਉਹ ਇਕ ਨੌਜਵਾਨ ਪਾਸੋਂ ਪਿਸਤੌਲ ਦੀ ਨੋਕ 'ਤੇ ਵਰਨਾ ਗੱਡੀ ਖੋਹ ਕੇ ਫ਼ਰਾਰ ਹੋ ਗਏ ਸਨ ਅਤੇ ਉਨ੍ਹਾਂ ਨੇ ਨੌਜਵਾਨ ਦੀ ਲੱਤ 'ਤੇ ਗੋਲੀ ਵੀ ਮਾਰ ਦਿੱਤੀ ਸੀ। ਘਟਨਾ ਦਾ ਪਤਾ ਲਗਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਦੇ ਦੋਸਤ ਨਵੀ ਨੇ ਦੱਸਿਆ ਸੀ ਕਿ ਉਹ ਹੋਟਲ ਦੇ ਬਾਹਰ ਵਰਨਾ ਗੱਡੀ ਵਿਚ ਬੈਠ ਕੇ ਵੇਟਰ ਦੀ ਉਡੀਕ ਕਰ ਰਹੇ ਸਨ ਤਾਂ ਇੰਨੇ ਵਿਚ 3 ਲੁਟੇਰੇ ਮੋਟਰਸਾਈਕਲ 'ਤੇ ਆਏ ਅਤੇ ਗੱਡੀ ਦੀ ਚਾਬੀ ਮੰਗਣ ਲੱਗੇ।

ਜਦੋਂ ਗੁਰਪ੍ਰੀਤ ਨੇ ਮਨ੍ਹਾਂ ਕੀਤਾ ਤਾਂ ਉਹਨਾਂ ਨੇ ਪਿਸਤੌਲ ਕੱਢ ਕੇ ਉਸਦੀ ਲੱਤ ਵਿਚ ਗੋਲ਼ੀ ਮਾਰ ਦਿੱਤੀ ਅਤੇ ਗੱਡੀ ਖੋਹ ਕੇ ਮੋਟਰਸਾਈਕਲ ਸਮੇਤ ਜੰਮੂ ਵੱਲ ਫ਼ਰਾਰ ਹੋ ਗਏ ਸਨ। ਦੱਸ ਦਈਏ ਕਿ ਜਿਸ ਜਗ੍ਹਾ 'ਤੇ ਇਹ ਵਾਰਦਾਤ ਹੋਈ ਸੀ, ਉਸ ਤੋਂ ਕੁੱਝ ਦੂਰੀ 'ਤੇ ਹੀ ਪੁਲਿਸ ਚੌਂਕੀ ਬਣੀ ਹੋਈ ਹੈ।

ਇਸ ਲਈ ਇਹ ਵਾਰਦਾਤ ਪੁਲਿਸ ਲਈ ਵੱਡੀ ਚੁਣੌਤੀ ਤੋਂ ਘੱਟ ਨਹੀਂ ਸੀ। ਜਿਸਤੋ ਬਾਅਦ ਸੀਸੀ ਟੀਵੀ ਫੂਟੇਜ ਦੇ ਅਧਾਰ ਤੇ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਸੀ ਖੋਹੀ ਗਈ ਗੱਡੀ ਨੂੰ ਬਟਾਲਾ ਪੁਲਿਸ ਨੇ 10 ਸਿਤੰਬਰ ਨੂੰ ਬਰਾਮਦ ਕਰ ਲਿਆ ਸੀ ਅੱਜ ਗੁਰਦਾਸਪੁਰ ਪੁਲਿਸ ਨੇ ਉਹਨਾਂ ਤਿਨ੍ਹਾਂ ਦੋਸ਼ੀਆਂ ਨੂੰ 32 ਬੋਰ ਦੇ ਪਿਸਤੌਲ 10 ਜਿੰਦਾ ਰੌਂਦਾ ਸਮੇਤ ਗਿਰਫ਼ਤਾਰ ਕੀਤਾ ਹੈ।