ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਦੋ ਖ਼ਾਲਿਸਤਾਨੀ ਸਮਰਥਕ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਇਹ ਦੋਵੇਂ ਕਥਿਤ ਤੌਰ 'ਤੇ 5 ਅਪਰਾਧੀਆਂ ਨਾਲ ਮਿਲ ਕੇ ਕੰਮ ਕਰ ਰਹੇ ਸਨ

Khalistan

ਚੰਡੀਗੜ੍ਹ - ਪੰਜਾਬ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਬੈਠੇ ਇਕ ਹੋਰ ਖਾਲਿਸਤਾਨੀ ਸਮਰਥਕ ਗਰੁੱਪ ਦਾ ਪੰਜਾਬ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਦੋ ਖ਼ਾਲਿਸਤਾਨੀ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਹ ਦੋਵੇਂ ਕਥਿਤ ਤੌਰ 'ਤੇ 5 ਅਪਰਾਧੀਆਂ ਨਾਲ ਮਿਲ ਕੇ ਕੰਮ ਕਰ ਰਹੇ ਸਨ, ਜਿਨ੍ਹਾਂ 'ਚ ਅੰਮ੍ਰਿਤਸਰ ਜੇਲ੍ਹ 'ਚ ਬੰਦ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਇਕ ਸੰਚਾਲਕ ਵੀ ਸ਼ਾਮਲ ਹੈ। 

ਦਿਨਕਰ ਗੁਪਤਾ ਨੇ ਦੱਸਿਆ ਕਿ ਇਹਨਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੇ ਵੱਖ-ਵੱਖ ਹਿੱਸਿਆਂ ਤੋਂ ਸੂਬੇ ਵਿਚ ਦਾਖਲ ਹੋਣ ਵਾਲਿਆਂ ਦੀ ਪੂਰੀ ਤਰ੍ਹਾਂ ਜਾਂਚ ਨੂੰ ਯਕੀਨੀ ਬਣਾਉਣ ਲਈ ਮੁਹਿੰਮ ਚਲਾਈ ਸੀ। ਇਸ ਦੌਰਾਨ ਹਰਜੀਤ ਸਿੰਘ ਉਰਫ਼ ਰਾਜੂ ਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪਿੰਡ ਮੀਆਂਪੁਰ, ਜ਼ਿਲ੍ਹਾ ਤਰਨ ਤਾਰਨ ਨੂੰ ਰਾਜਪੁਰਾ ਦੇ ਹੋਟਲ ਜਸ਼ਨ ਨੇੜੇ ਚੈਕਪੋਸਟ 'ਤੇ ਪੁਲਿਸ ਪਾਰਟੀ ਵੱਲੋਂ ਸਰਹਿੰਦ ਰੋਡ 'ਤੇ ਕਾਬੂ ਕੀਤਾ ਗਿਆ ਹੈ।

ਇਨ੍ਹਾਂ ਦੋਵਾਂ ਕੋਲੋਂ ਹਥਿਆਰਾਂ ਸਣੇ (ਇਕ 9 ਐੱਮ. ਐੱਮ. ਪਿਸਤੌਲ, ਚਾਰ.32 ਕੈਲੀਬਰ ਪਿਸਤੌਲ ਤੇ ਇਕ .32 ਰਿਵਾਲਵਰ), 8 ਰੌਂਦ, ਕਈ ਮੋਬਾਇਲ ਫ਼ੋਨ ਤੇ ਇਕ ਇੰਟਰਨੈੱਟ ਡੌਂਗਲ ਬਰਾਮਦ ਕੀਤੀ ਗਈ ਹੈ।