ਦਿਨ ਦਿਹਾੜੇ ਕੋਰੀਅਰ ਦਫ਼ਤਰ ਅੰਦਰ ਲੱਖਾਂ ਦੀ ਲੁੱਟ, ਲੁਟੇਰੇ 4 ਲੱਖ 98 ਹਜ਼ਾਰ ਦੀ ਨਕਦੀ ਲੈ ਫਰਾਰ 

ਏਜੰਸੀ

ਖ਼ਬਰਾਂ, ਪੰਜਾਬ

ਕੰਪਨੀ ਦੇ ਸੁਪਰਵਾਈਜ਼ਰ ਦੇ ਬਿਆਨਾਂ 'ਤੇ ਪਰਚਾ ਦਰਜ , ਮਾਮਲੇ ਦੀ ਜਾਂਚ ਜਾਰੀ, ਪੁਲਿਸ ਵੱਲੋਂ ਦੋਸ਼ੀ ਜਲਦ ਫੜੇ ਜਾਣ ਦਾ ਦਾਅਵਾ

File Photo

ਤਰਨ ਤਾਰਨ (ਦਿਲਬਾਗ ਸਿੰਘ) -  ਦਿਨ ਦਿਹਾੜੇ ਚੋਰੀ ਹੋਣ ਦੀਆਂ ਖ਼ਬਰਾਂ ਤਾਂ ਤੁਸੀਂ ਆਮ ਹੀ ਸੁਣੀਆਂ ਹੋਣਗੀਆਂ ਤੇ ਹੁਣ ਪੱਟੀ ਸ਼ਹਿਰ ਦੀ ਸਰਹਾਲੀ ਰੋਡ ਸਥਿਤ ਇੱਕ ਕੋਰੀਅਰ ਸਰਵਿਸ ਦੇਣ ਵਾਲੀ ਬ੍ਰਾਂਚ ਅੰਦਰੋਂ ਦਿਨ ਦਿਹਾੜੇ 4 ਲੱਖ 98 ਹਜ਼ਾਰ ਦੀ ਲੁੱਟ ਕੀਤੀ ਗਈ ਹੈ। ਵਾਰਦਾਤ ਦੀ ਜਾਣਕਾਰੀ ਦਿੰਦਿਆਂ ਈਕੌਮ ਐਕਸਪ੍ਰੈਸ ਕੋਰੀਅਰ ਸਰਵਿਸ ਬ੍ਰਾਂਚ ਪੱਟੀ ਦੇ ਸੁਪਰਵਾਈਜ਼ਰ ਗੁਰਜੰਟ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਰਸੂਲਪੁਰ ਤਹਿਸੀਲ ਜੀਰਾ ਜ਼ਿਲ੍ਹਾਂ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੇ ਸਾਥੀ ਮੁਲਾਜ਼ਮ ਕੋਰੀਅਰ ਸਪਲਾਈ ਕਰਨ ਲਈ ਵੱਖ ਵੱਖ ਇਲਾਕਿਆਂ ਵਿਚ ਗਏ ਸਨ ਅਤੇ ਉਹ ਦਫ਼ਤਰ ਅੰਦਰ ਕੰਮ ਕਾਰ ਕਰ ਰਿਹਾ ਸੀ

ਤਾਂ ਹੀਰੋਹਾਡਾਂ ਮੋਟਸਾਈਕਲ ਸਵਾਰ ਦੋ ਨੌਜਵਾਨ ਮੂੰਹ ਢੱਕ ਕੇ ਦਫ਼ਤਰ ਅੱਗੇ ਆਏ ਤੇ ਇੱਕ ਨੌਜਵਾਨ ਵਿਅਕਤੀ ਨੇ ਦਫ਼ਤਰ ਅੰਦਰ ਦਾਖਲ ਹੋ ਕੇ ਕਿਹਾ ਕਿ ਉਨ੍ਹਾਂ ਦਾ ਕੋਰੀਅਰ ਆਇਆ ਹੈ ਜਿਵੇਂ ਹੀ ਉਹ ਕੋਰੀਅਰ ਸਬੰਧੀ ਉਕਤ ਨੌਜਵਾਨ ਵਿਅਕਤੀ ਨਾਲ ਗੱਲਬਾਤ ਕਰਨ ਲੱਗਾ ਤਾਂ ਨੌਜਵਾਨ ਨੇ ਆਪਣੇ ਹੱਥ 'ਚ ਫੜੀ ਕਿੱਟ ਅੰਦਰੋਂ ਪਿਸਤੌਲ ਕੱਢ ਕਿ ਉਸ ਦੇ ਸਿਰ 'ਤੇ ਤਾਣ ਲਿਆ ਅਤੇ ਉਸ ਕੋਲੋਂ ਕੋਰੀਅਰ ਦਫਤਰ ਦੀ 4 ਲੱਖ 98 ਹਜ਼ਾਰ ਦੀ ਨਕਦੀ ਅਤੇ ਉਸ ਦੀ ਜੇਬ ਵਿੱਚੋਂ 1550 ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ।

ਕੋਰੀਅਰ ਕੰਪਨੀ ਦੇ ਮੁਲਾਜ਼ਮ ਨੇ ਦੱਸਿਆ ਕਿ ਲੁਟੇਰਿਆਂ ਕੋਲੋਂ ਅਲਮਾਰੀ ਨਾ ਖੁੱਲਣ ਕਾਰਨ ਉਸ  ਵਿਚ ਪਈ ਨਕਦੀ ਦਾ ਬਚਾਅ ਹੋ ਗਿਆ ਅਤੇ ਲੁਟੇਰਿਆਂ ਵੱਲੋਂ ਕੀਤੀ ਗਈ ਵਾਰਦਾਤ ਦਫਤਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਕੋਰੀਅਰ ਦਫਤਰ ਦੇ ਸੁਪਰਵਾਈਜ਼ਰ ਵੱਲੋਂ ਵਾਰਦਾਤ ਸਬੰਧੀ ਲਿਖਤੀ ਸੂਚਨਾਂ ਪੁਲਿਸ ਥਾਣਾ ਸਿਟੀ ਪੱਟੀ ਨੂੰ ਦਿੱਤੀ ਗਈ ਹੈ ਅਤੇ ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਅਜੇ ਕੁਮਾਰ ਖੁੱਲਰ ਨੇ ਦੱਸਿਆ ਕਿ ਕੰਪਨੀ ਦੇ ਸੁਪਰਵਾਈਜ਼ਰ ਦੇ ਬਿਆਨਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਤੇ ਦੋਸ਼ੀ ਜਲਦ ਫੜ ਲਏ ਜਾਣਗੇ।