ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਚੇਅਰਮੈਨ ਲਾਲ ਸਿੰਘ ਨੇ ਸੁਣੀਆਂ ਸਮੱਸਿਆਵਾਂ 

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਚੇਅਰਮੈਨ ਲਾਲ ਸਿੰਘ ਨੇ ਸੁਣੀਆਂ ਸਮੱਸਿਆਵਾਂ 

image

ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਚੇਅਰਮੈਨ ਲਾਲ ਸਿੰਘ ਨਾਲ ਮੀਟਿੰਗ ਉਪਰੰਤ ਫ਼ਰੀਡਮ ਫ਼ਾਈਟਰ ਜਥੇਬੰਦੀ ਦੇ ਆਗੂ |


ਚੰਡੀਗੜ੍ਹ, 14 ਸਤੰਬਰ (ਭੁੱਲਰ) : ਪੰਜਾਬ ਸਰਕਾਰ ਵਲੋਂ ਵੱਖ-ਵੱਖ ਵਰਗਾਂ ਦੇ ਮਸਲਿਆਂ ਨੂੰ  ਜਲਦ ਹੱਲ ਕਰਨ ਲਈ ਗਠਿਤ ਕੀਤੀ ਗਈ ਕਮੇਟੀ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਤੇ ਚੇਅਰਮੈਨ ਲਾਲ ਸਿੰਘ ਨੇ ਫਰੀਡਮ ਫਾਈਟਰ ਪਰਵਾਰਾਂ ਦੀਆਂ ਸਮੱਸਿਆਵਾਂ ਨੂੰ  ਸੁਲਝਾਉਣ ਲਈ ਮੀਟਿੰਗ ਕੀਤੀ | 
ਮੀਟਿੰਗ ਵਿਚ ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸਨ ਪੰਜਾਬ ਰਜਿ ਨੰ 234 ਵਲੋਂ ਸੂਬਾ ਜਨਰਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ ਦੀ ਅਗਵਾਈ ਵਿਚ ਪਹੁੰਚੇ ਚਾਰ ਮੈਂਬਰੀ ਵਫ਼ਦ ਸੂਬਾ ਪ੍ਰਧਾਨ ਅਮਰੀਕ ਕਲਿਹਾਣਾ, ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਮਾਨ, ਨਵਤੇਜ ਸਿੰਘ ਭੱਠਲ ਨੇ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਤੀਜੀ ਪੀੜ੍ਹੀ ਤਕ ਸਨਮਾਨ ਸਹੂਲਤਾਂ ਦੇਣ ਦੇ ਐਲਾਨ ਨੂੰ  ਜਲਦ ਪੂਰਾ ਕਰਨ ਦੀ ਮੰਗ ਕੀਤੀ | 
ਸੂਬਾ ਆਗੂਆਂ ਨੇ ਚੇਅਰਮੈਨ ਲਾਲ ਸਿੰਘ ਨਾਲ ਗੱਲਬਾਤ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਨਮਾਨ ਵਜੋਂ ਤੀਜੀ ਪੀੜ੍ਹੀ ਤਕ 300 ਯੂਨਿਟ ਬਿਜਲੀ ਸਹੂਲਤ ਇਕ ਕਿਲੋਵਾਟ ਤਕ ਦੇਣ ਲਈ 38 ਕਰੋੜ ਰੁਪਏ ਦੀ ਸਬਸਿਡੀ ਰਾਸ਼ੀ ਬਿਜਲੀ ਬੋਰਡ ਨੂੰ  ਜਾਰੀ ਕੀਤੀ ਗਈ ਹੈ | ਇਕ ਕਿਲੋਵਾਟ ਲੋਡ ਦੀ ਸ਼ਰਤ ਹੋਣ ਕਾਰਨ ਇਸ ਸਹੂਲਤ ਦਾ ਲਾਭ ਕਿਸੇ ਵੀ ਪਰਵਾਰ ਨੂੰ  ਨਹੀਂ ਮਿਲ ਰਿਹਾ | ਆਗੂਆਂ ਨੇ ਰੋਸ ਪ੍ਰਗਟ ਕਰਦੇ ਹੋਏ ਮੰਗ ਕੀਤੀ ਕਿ ਦੇਸ਼ ਦੀ ਅਜ਼ਾਦੀ ਸਮੇਂ ਅਹਿਮ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਪਰਵਾਰਾਂ ਨੂੰ  ਜਾਰੀ ਸਨਮਾਨ ਸਹੂਲਤਾਂ ਦੇਣ ਲਈ ਅਜਿਹੀਆਂ ਸ਼ਰਤਾਂ ਲਾਉਣ ਨਾਲ ਉਨ੍ਹਾਂ ਦੇ ਮਾਣ-ਸਨਮਾਨ ਨੂੰ  ਠੇਸ ਪਹੁੰਚੀ ਹੈ | ਚੇਅਰਮੈਨ ਲਾਲ ਸਿੰਘ ਨੇ ਸੂਬਾ ਜਥੇਬੰਦੀ ਦੇ ਆਗੂਆਂ ਨੂੰ  ਭਰੋਸਾ ਦਿਤਾ ਕਿ 
ਜਲਦ ਹੀ ਇਸ ਮੁੱਦੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ  ਜਾਣੂ ਕਰਵਾ ਕੇ ਇਕ ਕਿਲੋਵਾਟ ਲੋਡ ਦੀ ਸ਼ਰਤ ਨੂੰ  ਹਟਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਭਗਤ ਪਰਵਾਰਾਂ ਦੀ ਬਦੌਲਤ ਹੀ ਅਸੀਂ ਆਜਾਦੀ ਦਾ ਨਿੱਘ ਮਾਣ ਰਹੇ ਹਾਂ | ਪੰਜਾਬ ਸਰਕਾਰ ਦੇਸ਼ ਭਗਤ ਪਰਵਾਰਾਂ ਦੇ ਮਾਣ-ਸਨਮਾਨ ਨੂੰ  ਬਹਾਲ ਰੱਖਣ ਲਈ ਹਰ ਸੰਭਵ ਯਤਨ ਕਰਦੀ ਰਹੇਗੀ | ਇਸ ਮੌਕੇ ਕਮੇਟੀ ਮੈਂਬਰ ਐਮ |ਐਲ |ਏ ਸੁਰਿੰਦਰ ਡਾਬਰ ਵੀ ਮੌਜੂਦ ਰਹੇ |