ਪੰਜਾਬ ਸਰਕਾਰ ਦੇ ਸੱਦੇ 'ਤੇ ਇੰਜੀਨੀਅਰ ਕੌਂਸਲ ਦੀ ਕੈਬਨਿਟ ਮੰਤਰੀ ਨਾਲ ਹੋਈ ਮੀਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੇ ਸੱਦੇ 'ਤੇ ਇੰਜੀਨੀਅਰ ਕੌਂਸਲ ਦੀ ਕੈਬਨਿਟ ਮੰਤਰੀ ਨਾਲ ਹੋਈ ਮੀਟਿੰਗ

image

ਚੰਡੀਗੜ੍ਹ, 14 ਸਤੰਬਰ (ਨਰਿੰਦਰ ਸਿੰਘ ਝਾਮਪੁਰ): ਸਮੂਹ ਵਿਭਾਗਾਂ ਦੇ ਇੰਜੀਨੀਅਰਾਂ ਦੀ ਸਾਂਝੀ ਜਥੇਬੰਦੀ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦਿਆਂ ਨਾਲ ਪੰਜਾਬ ਸਰਕਾਰ ਵਲੋਂ ਨਿਯੁਕਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਵਲੋਂ ਲਿਖਤੀ ਸੱਦੇ ਤੇ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆ ਕੌਂਸਲ ਦੇ ਸੁਬਾਈ ਚੇਅਰਮੈਨ ਇੰਜੀ: ਸੁਖਮਿੰਦਰ ਸਿੰਘ ਲਵਲੀ ਨੇ ਦਸਿਆ ਕਿ ਇਕ ਘੰਟੇ ਹੋਈ ਮੀਟਿੰਗ ਦੌਰਾਨ ਧਰਮਸੋਤ ਵਲੋਂ ਕੌਂਸਲ ਦੇ 11 ਮੈਂਬਰੀ ਵਫ਼ਦ ਨੂੰ  ਯਕੀਨ ਦੁਆਇਆ ਕਿ ਇੰਜੀਨੀਅਰ ਵਰਗ ਨਾਲ ਹੋਈ ਬੇਇਨਸਾਫ਼ੀ ਨੂੰ  ਦੂਰ ਕੀਤਾ ਜਾਵੇਗਾ | ਛੇਵੇਂ ਪੇ ਕਮਿਸ਼ਨ ਵਲੋਂ ਪੇਸ਼ ਕੀਤੀ ਰੀਪੋਰਟ ਵਿਚ ਇੰਜੀਨੀਅਰ ਵਰਗ ਲਈ 3.01 ਦਾ ਗੁਣਾਂਕ, ਫ਼ੀਲਡ ਵਿਚ ਜਾਣ ਲਈ ਜੂਨੀਅਰ ਇੰਜੀਨੀਅਰ ਲਈ 80 ਲੀਟਰ ਅਤੇ ਸਬ ਡਵੀਜ਼ਨਲ ਇੰਜੀਨੀਅਰ ਲਈ 160 ਲੀਟਰ ਪਟਰੌਲ, ਪਦ ਉਨਤੀ ਕੋਟ 50 ਫ਼ੀ ਸਦੀ ਤੋਂ 75 ਫ਼ੀ ਸਦੀ ਕਰਨ ਅਤੇ ਏ.ਸੀ.ਪੀ. ਸਕੀਮ ਦਾ ਬਿਹਤਰ ਨੋਟੀਫ਼ੀਕੇਸ਼ਨ ਸਮੇਤ ਸਮੂਹ ਮੰਗਾਂ ਦੇ ਹੱਲ ਲਈ ਡੂੰਘੀ ਵਿਚਾਰ ਚਰਚਾ ਕਰ ਕੇ ਮੁੱਖ ਮੰਤਰੀ ਪੰਜਾਬ ਨੂੰ  ਭੇਜਣ ਦਾ ਫ਼ੈਸਲਾ ਹੋਇਆ | ਇਸ ਮੌਕੇ ਮੰਤਰੀ ਸ. ਧਰਮਸੋਤ ਵਲੋਂ ਕੌਂਸਲ ਨੂੰ  ਅਪੀਲ ਕੀਤੀ ਗਈ ਕਿ 15 ਸਤੰਬਰ ਨੂੰ  ਪੰਜਾਬ ਦੇ ਸਮੂਹ ਜ਼ਿਲ੍ਹਾ ਹੈੱਡ ਕੁਆਟਰ ਤੇ ਕੌਂਸਲ ਵਲੋਂ 51 ਮੈਂਬਰੀ ਜਥੇ ਭੁੱਖ ਹੜਤਾਲ ਤੇ ਬਿਠਾਉਣ ਦੇ ਐਕਸ਼ਨ ਨੂੰ  ਮੁਲਤਵੀ ਕੀਤਾ ਜਾਵੇ ਜਿਸ ਨੂੰ  ਕੌਂਸਲ ਦੇ ਆਗੂਆਂ ਨੇ ਪ੍ਰਵਾਨ ਕਰ ਲਿਆ ਤੇ ਫ਼ੈਸਲਾ ਕੀਤਾ ਕਿ 21 ਸਤੰਬਰ ਨੂੰ  ਸੁਬਾਈ ਮੀਟਿੰਗ ਲੁਧਿਆਣਾ ਵਿਖੇ ਕੀਤੀ ਜਾਵੇਗੀ |