ਕਾਂਗਰਸ ਉਪਰ ਵੀ ਲਾਗੂ ਹੈ ਸਿਆਸੀ ਰੈਲੀਆਂ ਨਾ ਕਰਨ ਦਾ ਜ਼ਾਬਤਾ : ਬਲਬੀਰ ਸਿੰਘ ਰਾਜੇਵਾਲ
ਕਾਂਗਰਸ ਉਪਰ ਵੀ ਲਾਗੂ ਹੈ ਸਿਆਸੀ ਰੈਲੀਆਂ ਨਾ ਕਰਨ ਦਾ ਜ਼ਾਬਤਾ : ਬਲਬੀਰ ਸਿੰਘ ਰਾਜੇਵਾਲ
ਕਿਸਾਨਾਂ ਨੂੰ ਤਕੜੇ ਹੋ ਕੇ ਵਿਰੋਧ ਕਰਨ ਦਾ ਦਿਤਾ ਸੱਦਾ
ਚੰਡੀਗੜ੍ਹ, 14 ਸਤੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨੀ ਸੂਬੇ ਦੇ ਆਰਥਕ ਨੁਕਸਾਨ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਸਾਨਾਂ ਨੂੰ ਸੂਬੇ ਅੰਦਰ ਲਾਏ ਧਰਨੇ ਖ਼ਤਮ ਕਰਨ ਦੀ ਅਪੀਲ ਕਰਦਿਤਆਂ ਦਿਤੇ ਬਿਆਨ ਤੋਂ ਬਾਅਦ ਹੁਣ ਕਿਸਾਨਾਂ ਤੇ ਸੱਤਾਧਾਰੀ ਪਾਰਟੀ ਵਿਚ ਖਿੱਚੋਤਾਣ ਵਧਣ ਦੀ ਸਥਿਤੀ ਪੈਦਾ ਹੁੰਦੀ ਲਗਦੀ ਹੈ |
ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਦੇ ਬਿਆਨ ਉਤੇ ਰੋਸ ਭਰੇ ਤਿੱਖੇ ਬਿਆਨ ਦਿਤੇ ਜਾ ਰਹੇ ਹਨ | ਪੰਜਾਬ ਦੇ ਪ੍ਰਮੁਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀ ਕੈਪਟਨ ਦੇ ਬਿਆਨ ਉਤੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ | ਜਿਸ ਤੋਂ ਸਪੱਸ਼ਟ ਹੈ ਕਿ ਹੁਣ ਅਕਾਲੀ ਦਲ ਤੋਂ ਬਾਅਦ ਸੱਤਾਧਾਰੀ ਕਾਂਗਰਸ ਪਾਰਟੀ ਤੇ ਕਿਸਾਨ ਵੀ ਆਹਮੋ-ਸਾਹਮਣੇ ਹੋਣਗੇ |
ਰਾਜੇਵਾਲ ਦਾ ਕਹਿਣਾ ਹੈ ਕਿ ਅਪਣੇ ਭਵਿਖ ਸਬੰਘੀ ਮਜ਼ਬੂਤ ਕਿਸਾਨ ਅੰਦੋਲਨ ਕਾਰਨ ਸਾਰੀਆਂ ਹੀ ਸਿਆਸੀ ਪਾਰਟੀਆਂ ਡਰੀਆਂ ਹੋਈਆਂ ਹਨ ਅਤੇ ਹੁਣ ਅਕਾਲੀ ਦਲ ਤੋਂ ਬਾਅਦ ਕਾਂਗਰਸ ਵੀ ਤੜਫ ਉਠੀ ਹੈ |
ਰਾਜੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਪੀਲ 'ਚ ਇਸ ਗੱਲ ਦਾ ਕੋਈ ਤਰਕ ਨਹੀਂ ਕਿ ਪੰਜਾਬ ਵਿਚ ਧਰਨਿਆਂ ਕਾਰਨ ਸੂਬੇ ਦਾ ਆਰਥਕ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਧਰਨੇ ਤਾਂ ਕੇਂਦਰ ਅਧੀਨ ਆਉਂਦੇ ਟੋਲ ਪਲਾਜ਼ਿਆਂ ਅਤੇ ਅੰਬਾਨੀ ਤੇ ਅਡਾਨੀ ਵਰਗੇ ਕਾਰਪੋਰੇਟਾਂ ਦੇ ਅਦਾਰਿਆਂ ਸਾਹਮਣੇ ਲੱਗੇ ਹਨ | ਪੰਜਾਬ ਸਰਕਾਰ ਵਿਰੁਧ ਕਿਸਾਨਾਂ ਦੇ ਧਰਨੇ ਕਿੱਥੇ ਹਨ? ਉਨ੍ਹਾਂ ਕਿਹਾ ਕਿ 32 ਕਿਸਾਨ ਜਥੇਬੰਦੀਆਂ ਨੇ ਸੱਭ ਪਾਰਟੀਆਂ 'ਤੇ ਚੋਣਾਂ ਦਾ ਐਲਾਨ ਹੋਣ ਤਕ ਵੱਡੀਆਂ ਚੋਣ ਰੈਲੀਆਂ ਨਾ ਕਰਨ ਦਾ ਜ਼ਾਬਤਾ ਲਾਗੂ ਕੀਤਾ ਸੀ ਅਤੇ ਕਿਸੇ ਪਾਰਟੀ ਨੂੰ ਇਸ ਵਿਚ ਛੋਟ ਨਹੀਂ ਸੀ | ਪੰਜਾਬ ਸਰਕਾਰ ਨੂੰ ਅਪਣੇ ਸਰਕਾਰੀ ਪ੍ਰੋਗਰਾਮ ਵੀ 40-50 ਲੋਕਾਂ ਦੇ ਇਕੱਠ ਤਕ ਸੀਮਤ ਕਰਨ ਲਈ ਕਿਹਾ ਗਿਆ ਸੀ ਪਰ ਮੁੱਖ ਮੰਤਰੀ ਨੇ ਤਾਂ ਵੱਡੇ ਇਕੱਠ ਕਰ ਕੇ ਰੈਲੀਆਂ ਦਾ ਹੀ ਕੰਮ ਸ਼ੁਰੂ ਕਰ ਦਿਤਾ ਹੈ |
ਉਨ੍ਹਾਂ ਕਿਹਾ ਕਾਂਗਰਸ ਨੂੰ ਵੀ ਵੱਡੀਆਂ ਰੈਲੀਆਂ ਨਹੀਂ ਕਰਨ ਦਿਤੀਆਂ ਜਾਣਗੀਆਂ ਅਤੇ ਇਸ ਲਈ ਹੁਣ ਅਸੀਂ ਕਿਸਾਨਾਂ ਨੂੰ ਵੀ ਤਕੜੇ ਹੋਣ ਲਈ ਕਹਿ ਦਿਤਾ ਹੈ | ਉਨ੍ਹਾਂ ਕਿਹਾ ਕਿ ਮੀਡੀਆ ਦੇ ਇਕ ਹਿੱਸੇ ਵਲੋਂ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਨੇ ਕਾਂਗਰਸ ਤੇ ਸਰਕਾਰ ਨੂੰ ਸਿਆਸੀ ਰੈਲੀਆਂ ਦੀ ਛੋਟ ਦਿਤੀ ਹੈ ਪਰ ਸਾਡੇ ਲਈ ਸੱਭ ਪਾਰਟੀਆਂ ਬਰਾਬਰ ਹਨ ਤੇ ਸੱਭ 'ਤੇ ਇਕੋ ਜਿਹਾ ਜ਼ਾਬਤਾ ਲਾਗੂ ਹੋਵੇਗਾ |