ਅਖੌਤੀ ਜਥੇਦਾਰਾਂ ਨੇ ਸਮੇਂ-ਸਮੇਂ ਪੰਥਕ ਵਿਦਵਾਨਾਂ ਨੂੰ ਕੀਤਾ ਜ਼ਲੀਲ : ਭਾਈ ਰਣਜੀਤ ਸਿੰਘ ਢਡਰੀਆਂਵਾਲੇ

ਏਜੰਸੀ

ਖ਼ਬਰਾਂ, ਪੰਜਾਬ

ਅਖੌਤੀ ਜਥੇਦਾਰਾਂ ਨੇ ਸਮੇਂ-ਸਮੇਂ ਪੰਥਕ ਵਿਦਵਾਨਾਂ ਨੂੰ ਕੀਤਾ ਜ਼ਲੀਲ : ਭਾਈ ਰਣਜੀਤ ਸਿੰਘ ਢਡਰੀਆਂਵਾਲੇ

image

ਕੋਟਕਪੂਰਾ, 14 ਸਤੰਬਰ (ਗੁਰਿੰਦਰ ਸਿੰਘ) : ਪਿਛਲੇ ਲੰਮੇ ਸਮੇਂ ਤੋਂ ‘ਰੋਜ਼ਾਨਾ ਸਪੋਕਸਮੈਨ’ ਵਿਚ ਲਿਖਦੇ ਆ ਰਹੇ ਤੇ ਦੋ ਦਰਜਨ ਦੇ ਕਰੀਬ ਚਰਚਿਤ ਪੁਸਤਕਾਂ ਦੇ ਰਚੇਤਾ ਪੋ੍ਰ. ਇੰਦਰ ਸਿੰਘ ਘੱਗਾ ਦੀ ਧਰਮ ਪਤਨੀ ਬੀਬੀ ਰਜਵੰਤ ਕੌਰ ਨਮਿਤ ਗੁਰਦਵਾਰਾ ਸਾਹਿਬ ਪ੍ਰਮੇਸ਼ਰ ਦੁਆਰ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਜਿਥੇ ਉੱਘੇ ਪੰਥ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੇ ਪ੍ਰੋ. ਘੱਗਾ ਦੇ ਸਮੁੱਚੇ ਪ੍ਰਵਾਰ ਦੀ ਪੰਥ ਨੂੰ ਦੇਣ ਅਤੇ ਬੀਬੀ ਰਜਵੰਤ ਕੌਰ ਦਾ ਪੰਥਕ ਖੇਤਰ ’ਚ ਪਾਏ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ, ਉੱਥੇ ਪੁਜਾਰੀਵਾਦ ਵਲੋਂ ਪੰਥ ਦਾ ਘਾਣ ਕਰਨ ਦੀਆਂ ਵੀ ਅਨੇਕਾਂ ਉਦਾਹਰਣਾਂ ਦਿਤੀਆਂ। 
ਉਨ੍ਹਾਂ ਪੁਜਾਰੀਵਾਦ ਦੀ ਤੁਲਨਾ ਤਾਲਿਬਾਨੀਆਂ ਨਾਲ ਕਰਦਿਆਂ ਆਖਿਆ ਕਿ ਪ੍ਰੋ. ਇੰਦਰ ਸਿੰਘ ਘੱਗਾ ਨੂੰ ਗੁਰਮਤਿ ਅਨੁਸਾਰੀ ਸੱਚ ਲਿਖਣ ਬਦਲੇ ਗੁੰਡਾ ਅਨਸਰਾਂ ਦੀਆਂ ਵਧੀਕੀਆਂ ਦਾ ਸਾਹਮਣਾ ਕਰਨਾ ਪਿਆ। ਇਕ ਤੋਂ ਵੱਧ ਵਾਰ ਦੇਸ਼ ਅਤੇ ਵਿਦੇਸ਼ ’ਚ ਉਨ੍ਹਾਂ ਉਪਰ ਹਮਲੇ ਹੋਏ, ਘਰ ਵਿਚ ਬੈਠਿਆਂ ਨੂੰ ਸੱਟਾਂ ਮਾਰਨ ਤੋਂ ਗੁਰੇਜ਼ ਨਾ ਕੀਤਾ ਗਿਆ ਪਰ ਇਨ੍ਹਾਂ ਦੇ ਪ੍ਰਵਾਰ ਨੇ ਸੱਚ ਦਾ ਰਾਹ ਨਾ ਛਡਿਆ। ਉਨ੍ਹਾਂ ਸਿੱਖ ਮੁਖੌਟੇ ਵਾਲਿਆਂ ਅਰਥਾਤ ਅਖੌਤੀ ਜਥੇਦਾਰਾਂ ਵਲੋਂ ਸਮੇਂ ਸਮੇਂ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਅਤੇ ਪੰਥਦਰਦੀਆਂ ਨਾਲ ਕੀਤੀਆਂ ਜ਼ਿਆਦਤੀਆਂ, ਵਧੀਕੀਆਂ ਅਤੇ ਧੱਕੇਸ਼ਾਹੀਆਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਸੱਚ ਦੇ ਰਾਹ ’ਤੇ ਤੁਰਨੋ ਰੋਕਣ ਲਈ ਛਬੀਲਾਂ ਦੀ ਆੜ ਲਈ ਜਾਂਦੀ ਹੈ, ਸ਼ਾਮ-ਦਾਮ-ਦੰਡ-ਭੇਦ ਵਾਲੇ ਸਾਰੇ ਢੰਗ-ਤਰੀਕੇ ਅਪਣਾਏ ਜਾਂਦੇ ਹਨ ਪਰ ਗੁਰੂ ਚਰਨਾਂ ਨਾਲ ਜੁੜੇ ਸਿੱਖ ਕਦੇ ਵੀ ਗੁੰਡਾ ਅਨਸਰਾਂ ਦੀਆਂ ਜ਼ਿਆਦਤੀਆਂ ਦੀ ਪ੍ਰਵਾਹ ਨਹੀਂ ਕਰਦੇ।
ਪੋ੍ਰ. ਇੰਦਰ ਸਿੰਘ ਘੱਗਾ ਨੇ ਦੂਰੋਂ ਨੇੜਿਉਂ ਆਈਆਂ ਸੰਗਤਾਂ ਦਾ ਧਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਪਤਨੀ ਰਜਵੰਤ ਕੌਰ ਦੇ ਅੰਤਮ ਸਸਕਾਰ ਮੌਕੇ ਅਤੇ ਉਸ ਤੋਂ ਪਹਿਲਾਂ ਕੀਤੀਆਂ ਅੰਤਮ ਰਸਮਾਂ ਮੌਕੇ ਵੀ ਵਹਿਮ-ਭਰਮ, ਕਰਮ-ਕਾਂਡ, ਅੰਧ-ਵਿਸ਼ਵਾਸ ਵਰਗੀਆਂ ਫ਼ਜ਼ੂਲ ਦੀਆਂ ਰਸਮਾਂ ਨੂੰ ਦਰਕਿਨਾਰ ਕੀਤਾ ਗਿਆ ਕਿਉਂਕਿ ਬੀਬੀ ਰਜਵੰਤ ਕੌਰ ਵੀ ਸਾਰੀ ਉਮਰ ਫ਼ਜ਼ੂਲ ਦੀਆਂ ਰਸਮਾਂ ਵਿਰੁਧ ਰਹੀ। 
ਪੋ੍ਰ. ਘੱਗਾ ਦੀ ਹੋਣਹਾਰ ਬੇਟੀ ਨਵਦੀਪ ਕੌਰ ਨੇ ਅਪਣੇ ਪ੍ਰਵਾਰ ਦੀਆਂ ਤਿੰਨ ਔਰਤਾਂ ਅਪਣੀ ਮਾਤਾ ਰਜਵੰਤ ਕੌਰ, ਦਾਦੀ ਅਤੇ ਭੂਆ ਦੀ ਉਦਾਹਰਣ ਦਿੰਦਿਆਂ ਦਸਿਆ ਕਿ ਉਹ ਤਿੰਨੋਂ ਸਾਡੇ ਪ੍ਰਵਾਰ ਲਈ ਰਾਹ ਦਸੇਰਾ ਬਣਦੀਆਂ ਰਹੀਆਂ। ਕੁੱਝ ਸੰਸਥਾਵਾਂ ਵਲੋਂ ਪੋ੍ਰ. ਘੱਗਾ ਅਤੇ ਭਾਈ ਢਡਰੀਆਂ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਦੇ ਵੱਖ ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਪੁੱਜੀ ਭਾਰੀ ਗਿਣਤੀ ’ਚ ਸੰਗਤ ਤੋਂ ਇਲਾਵਾ ਗੁਆਂਢੀ ਰਾਜਾਂ ਤੋਂ ਵੀ ਸੰਗਤਾਂ ਨੇ ਸ਼ਮੂਲੀਅਤ ਕੀਤੀ।