ਲੋਨ ਦੇਣ ਦੇ ਨਾਮ ’ਤੇ ਔਰਤ ਕੋਲੋਂ 13 ਲੱਖ 59 ਹਜ਼ਾਰ ਰੁਪਏ ਠੱਗਣ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ
ਲੋਨ ਦੇਣ ਦੇ ਨਾਮ ’ਤੇ ਔਰਤ ਕੋਲੋਂ 13 ਲੱਖ 59 ਹਜ਼ਾਰ ਰੁਪਏ ਠੱਗਣ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ
ਮੋਗਾ, 14 ਸਤੰਬਰ (ਅਰੁਣ ਗੁਲਾਟੀ) : ਸਾਈਬਰ ਕਰਾਈਮ ਪੁਲਿਸ ਮੋਗਾ ਨੇ ਅਖ਼ਬਾਰ ਵਿਚ ਇਸ਼ਤਿਹਾਰ ਦੇ ਕੇ ਲੋਕਾਂ ਨਾਲ ਲੋਨ ਦੇ ਨਾਮ ’ਤੇ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਮਨਜੀਤ ਕੌਰ ਪਤਨੀ ਗੁਰਦੀਪ ਸਿੰਘ ਪੁੱਤਰ ਬਚਨ ਸਿੰਘ ਵਾਸੀ ਦੌਧਰ ਵਲੋਂ ਸਾਈਬਰ ਠੱਗੀ ਦੇ ਵਿਸ਼ੇ ਸਬੰਧੀ ਕੁੱਝ ਨਾ-ਮਲੂਮ ਵਿਅਕਤੀਆਂ ਵਿਰੁਧ ਸ਼ਿਕਾਇਤ ਦਿਤੀ ਗਈ ਸੀ। ਜਿਸ ’ਤੇ ਸਾਈਬਰ ਕਰਾਈਮ ਪੁਲਿਸ ਮੋਗਾ ਵਲੋਂ ਇਕ ਮੁੱਕਦਮਾ ਨੰਬਰ 119 ਮਿਤੀ 25-08-2021 ਅ/ਧ 420, 388, 120-ਬੀ ਭ:ਦ ਵਾਧਾ ਜੁਰਮ 66-ਸੀ ਅਤੇ 66-ਡੀ.ਆਈ.ਟੀ. ਐਕਟ ਥਾਣਾ ਬੱਧਨੀ ਕਲਾਂ, ਦਰਜ ਕੀਤਾ ਗਿਆ ਸੀ। ਸ਼ਿਕਾਇਤ ਅਨੁਸਾਰ ਅਣਪਛਾਤੇ ਵਿਅਕਤੀਆਂ ਵਲੋਂ ਅਖਬਾਰ ਵਿਚ ਲੋਨ ਸਬੰਧੀ ਇਸਤਿਹਾਰ ਦਿਤਾ ਗਿਆ ਸੀ, ਜਿਸ ਨੂੰ ਵੇਖ ਕੇ ਮਨਜੀਤ ਕੌਰ ਵਲੋਂ ਇਸ਼ਤਿਹਾਰ ਵਿਚ ਦਿਤੇ ਮੋਬਾਇਲ ਨੰਬਰਾਂ ’ਤੇ ਸੰਪਰਕ ਕੀਤਾ ਗਿਆ, ਜਿਸ ’ਤੇ ਨਾ-ਮਲੂਮ ਵਿਅਕਤੀਆਂ ਵਲੋਂ ਫ਼ਰਜ਼ੀ ਲੋਨ ਦੇਣ ਵਾਲੀ ਕੰਪਨੀ ਦਾ ਬਹਾਨਾ ਬਣਾ ਕੇ ਅਤੇ ਡਰਾ-ਧਮਕਾ ਕੇ ਮਨਜੀਤ ਕੌਰ ਪਾਸੋਂ ਇਕ ਬੈਂਕ ਖਾਤੇ ਰਾਹੀਂ ਕਰੀਬ 13 ਲੱਖ 59 ਹਜ਼ਾਰ 860 ਰੁਪਏ ਦੀ ਠੱਗੀ ਮਾਰੀ ਗਈ।
ਡੀ.ਐਸ.ਪੀ ਸਾਈਬਰ ਵਲੋਂ ਤਫ਼ਤੀਸ਼ ਕਰਨ ’ਤੇ ਪਤਾ ਲੱਗਾ ਕੇ ਠੱਗੀ ਲਈ ਵਰਤਿਆ ਗਿਆ ਬੈਂਕ ਅਕਾਊਟ ਪੰਜਾਬ ਨੈਸ਼ਨਲ ਬੈਂਕ ਦਾ ਹੈ, ਜੋ ਹਿਸਾਰ (ਹਰਿਆਣਾ) ਨਾਲ ਸਬੰਧਤ ਹੈ। ਜਿਸ ’ਤੇ ਕਾਰਵਾਈ ਕਰਨ ਲਈ ਡੀ.ਐਸ.ਪੀ. ਸਾਈਬਰ ਕਰਾਈਮ ਮੋਗਾ ਦੀ ਅਗਵਾਈ ਨਾਲ ਟੀਮ ਗਠਿਤ ਕਰ ਕੇ ਨਾਮਲੂਮ ਦੋਸ਼ੀਆਂ ਦੀ ਭਾਲ ਵਿਚ ਹਿਸਾਰ (ਹਰਿਆਣਾ) ਲਈ ਰਵਾਨਾ ਕੀਤਾ। ਹਿਸਾਰ ਪਹੁੰਚ ਕੇ ਪੁਲਿਸ ਪਾਰਟੀ ਵਲੋਂ ਖਾਤੇ ਬਾਰੇ ਜਾਣਕਾਰੀ ਲਈ ਗਈ ਅਤੇ ਖਾਤੇ ਨੂੰ ਖੋਲ੍ਹਣ ਲਈ ਵਰਤੇ ਡਾਕੂਮੈਂਟ ਦੇ ਆਧਾਰ ’ਤੇ ਮਾਲਕ ਦਾ ਪਤਾ ਕੀਤਾ ਗਿਆ, ਪਰ ਉਹ ਦਿਤੇ ਪਤੇ ਪਰ ਨਹੀਂ ਰਹਿ ਰਿਹਾ ਸੀ। ਜਿਸ ’ਤੇ ਪੁਲਿਸ ਪਾਰਟੀ ਵਲੋਂ ਇਸ ਖਾਤੇ ਦੇ ਏ.ਟੀ.ਐਮ ਨੂੰ ਚਲਾਉਣ ਵਾਲੇ ਵਿਅਕਤੀ ਬਾਰੇ ਸੀ.ਸੀ.ਟੀ.ਵੀ ਫੁਟੇਜ ਅਤੇ ਟੈਕਨੀਕਲ ਸਹਾਇਤਾ ਦੀ ਮਦਦ ਨਾਲ ਪਤਾ ਕੀਤਾ ਗਿਆ ਅਤੇ ਜਦ ਇਹ ਵਿਅਕਤੀ ਦੁਬਾਰਾ ਪੈਸੇ ਕਢਵਾਉਣ ਲਈ ਏ.ਟੀ.ਐਮ ਪਰ ਆਇਆ ਤਾਂ ਪੁਲਿਸ ਪਾਰਟੀ ਨੇ ਮੌਕੇ ’ਤੇ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਖਾਤੇ ਦਾ ਏ.ਟੀ.ਐਮ ਵੀ ਬਰਾਮਦ ਕਰ ਲਿਆ ਗਿਆ।
ਦੌਰਾਨੇ ਪੁੱਛਗਿਛ ਜਸਵਿੰਦਰ ਉਰਫ਼ ਜੱਸੀ ਵਾਸੀ 12 ਕੁਆਟਰ ਰੋਡ ਹਿਸਾਰ (ਹਰਿਆਣਾ) ਨੇ ਦਸਿਆ ਕਿ ਸੋਨੀਆ ਉਰਫ਼ ਪਿੰਕੀ ਵਾਸੀ ਰਾਜੀਵ ਨਗਰ ਵਾਰਡ ਨੰਬਰ 09, ਜੀਂਦ ਹਾਲ ਰੂਪਨਗਰ ਰੋਹਤਕ ਰੋਡ ਜੀਂਦ (ਹਰਿਆਣਾ) ਉਸ ਨਾਲ ਰਲ ਕੇ ਭੋਲੇ-ਭਾਲੇ ਲੋਕਾਂ ਤੋਂ ਜਾਅਲੀ ਖਾਤੇ ਵਿਚ ਪੈਸੇ ਮੰਗਵਾਉਂਦੀ ਹੈ ਅਤੇ ਅੱਗੇ ਇਹ ਪੈਸੇ ਸੋਨੀਆ ਦੀ ਮਾਤਾ ਮਮਤਾ ਪਤਨੀ ਅਸ਼ੋਕ ਕੁਮਾਰ ਦੇ ਖਾਤੇ ਵਿਚ ਸੇਵਿੰਗ ਕਰਦੇ ਸਨ। ਜਿਸ ’ਤੇ ਪੁਲਿਸ ਪਾਰਟੀ ਵਲੋਂ ਸੋਨੀਆ ਅਤੇ ਉਸ ਦੀ ਮਾਤਾ ਮਮਤਾ ਨੂੰ ਜੀਂਦ (ਹਰਿਆਣਾ) ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਹੁਣ ਤਕ ਆਰੋਪੀਆਂ ਪਾਸੋਂ 2 ਜਾਅਲੀ ਖਾਤਿਆਂ ਦੇ ਏ.ਟੀ.ਐਮ ਕਾਰਡ, ਚੈੱਕ ਬੁੱਕ, 5 ਮੋਬਾਈਲ ਫ਼ੋਨ ਬਰਾਮਦ ਅਤੇ ਮਮਤਾ ਦੇ ਬੈਂਕ ਅਕਾਊਟ ਵਿਚੋਂ ਕਰੀਬ ਸਵਾ 5 ਲੱਖ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਹੋਰ ਵੀ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਫੋਟੋ ਨੰਬਰ 14 ਮੋਗਾ ਸੱਤਪਾਲ 07 ਪੀ