ਅਗਨੀਪਥ ਯੋਜਨਾ ਦਾ ਪੂਰਾ ਸਮਰਥਨ ਕਰੇਗੀ 'ਆਪ': ਅਰਵਿੰਦ ਕੇਜਰੀਵਾਲ
ਅਗਨੀਪਥ ਯੋਜਨਾ ਦਾ ਪੂਰਾ ਸਮਰਥਨ ਕਰੇਗੀ 'ਆਪ': ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ, 14 ਸਤੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁਧਵਾਰ ਨੂੰ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਅਗਨੀਪਥ ਯੋਜਨਾ ਦਾ ਪੂਰਾ ਸਮਰਥਨ ਕਰੇਗੀ | ਪੰਜਾਬ ਸਰਕਾਰ ਵਲੋਂ ਭਰਤੀ ਦਾ ਸਮਰਥਨ ਨਾ ਕਰਨ ਦੀਆਂ ਖ਼ਬਰਾਂ ਵਿਚਕਾਰ ਕੇਜਰੀਵਾਲ ਨੇ ਇਹ ਸਪੱਸ਼ਟੀਕਰਣ ਦਿਤਾ ਹੈ |
ਜ਼ਿਕਰਯੋਗ ਹੈ ਕਿ 'ਆਪ' ਨੇ ਪਹਿਲਾਂ ਅਗਨੀਪਥ ਯੋਜਨਾ ਦੀ ਆਲੋਚਨਾ ਕੀਤੀ ਸੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਫ਼ੌਜ ਵਿਚ ਭਰਤੀ ਦੇ ਇੱਛਕ ਉਮੀਦਵਾਰਾਂ ਨੂੰ ਸਿਰਫ ਚਾਰ ਸਾਲ ਨਹੀਂ ਸਗੋਂ ਜੀਵਨ ਭਰ ਦੇਸ਼ ਦੀ ਸੇਵਾ ਦਾ ਮੌਕਾ ਦੇਣ | ਕੇਜਰੀਵਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਨੀਪਥ ਯੋਜਨਾ 'ਤੇ ਕੇਂਦਰ ਨਾਲ ਸਾਡੇ ਮਤਭੇਦ ਸਨ, ਪਰੰਤੂ ਕੇਂਦਰ ਨੇ ਇਸ ਨੂੰ ਲਾਗੂ ਕੀਤਾ ਹੈ, ਇਸ ਲਈ ਅਸੀਂ ਇਸ ਯੋਜਨਾ ਦਾ ਸਮਰਥਨ ਕਰਾਂਗੇ | ਅਸੀਂ ਯੋਜਨਾ ਅਤੇ ਫ਼ੌਜ ਨੂੰ ਪੂਰਾ ਸਹਿਯੋਗ ਕਰਾਂਗੇ | ਬਾਅਦ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਅਗਨੀਪਥ ਯੋਜਨਾ 'ਤੇ ਪੂਰਥ ਸਮਰਥਨ ਦੇਣ ਦੇ ਨਿਰਦੇਸ਼ ਦਿਤੇ ਗਏ ਹਨ | ਭਗਵੰਤ ਮਾਨ ਨੇ ਟਵੀਟ ਕੀਤਾ, 'ਸਾਰੇ ਅਧਿਕਾਰੀਆਂ ਨੂੰ ਭਰਤੀ ਯੋਜਨਾ ਲਈ ਫ਼ੌਜ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰਨ ਦੇ ਨਿਰਦੇਸ਼ ਦਿਤੇ ਗਏ ਹਨ | ਕਿਸੇ ਵੀ ਢਿਲਾਈ ਨੂੰ ਗੰਭੀਰਤਾ ਨਾਲ ਲਿਆ ਜਾਏਗਾ |' ਉਨ੍ਹਾ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਸੂੁਬੇ ਤੋਂ ਵਧ ਤੋਂ ਵਧ ਉਮੀਦਵਾਰਾਂ ਦੀ ਚੋਣ ਹੋ ਸਕੇ | ਜ਼ਿਕਰਯੋਗ ਹੈ ਕਿ 'ਅਗਨੀਪਥ ਯੋਜਨਾ' 14 ਜੂਨ ਨੂੰ ਐਲਾਨੀ ਗਈ ਸੀ, ਜਿਸ ਵਿਚ 17 ਤੋਂ 21 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਚਾਰ ਸਾਲ ਲਈ ਫ਼ੌਜ ਵਿਚ ਭਰਤੀ ਕਰਨ ਦੀ ਯੋਜਨਾ ਹੈ | (ਪੀਟੀਆਈ)