ਕਾਂਗਰਸ ਦੀ ਪ੍ਰਧਾਨਗੀ ਚੋਣ : ਜੈਰਾਮ ਰਮੇਸ਼ ਨੇ ਸਹਿਮਤੀ ਦੀ ਕੀਤੀ ਵਕਾਲਤ, ਗਾਂਧੀ ਪ੍ਰਵਾਰ ਦੀ ਅਹਿਮੀਅਤ 'ਤੇ ਦਿਤਾ ਜ਼ੋਰ
ਕਾਂਗਰਸ ਦੀ ਪ੍ਰਧਾਨਗੀ ਚੋਣ : ਜੈਰਾਮ ਰਮੇਸ਼ ਨੇ ਸਹਿਮਤੀ ਦੀ ਕੀਤੀ ਵਕਾਲਤ, ਗਾਂਧੀ ਪ੍ਰਵਾਰ ਦੀ ਅਹਿਮੀਅਤ 'ਤੇ ਦਿਤਾ ਜ਼ੋਰ
ਜੇਕਰ ਇਕ ਤੋਂ ਵੱਧ ਉਮੀਦਵਾਰ ਹਨ ਤਾਂ 17 ਅਕਤੂਬਰ ਨੂੰ ਵੋਟਾਂ ਪੈਣਗੀਆਂ
ਤਿਰੂਵਨੰਤਪੁਰਮ, 14 ਸਤੰਬਰ : ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਬੁੱਧਵਾਰ ਨਵੇਂ ਪ੍ਰਧਾਨ ਦੀ ਚੋਣ ਲਈ ਸਹਿਮਤੀ ਬਣਾਉਣ ਦੀ ਵਕਾਲਤ ਕੀਤੀ ਅਤੇ ਸੰਸਥਾ ਨਾਲ ਸਬੰਧਤ ਮਾਮਲਿਆਂ 'ਚ ਨਹਿਰੂ-ਗਾਂਧੀ ਪਰਵਾਰ ਦੀ ਅਹਿਮੀਅਤ ਕਾਇਮ ਰੱਖਣ 'ਤੇ ਜ਼ੋਰ ਦਿਤਾ | ਉਨ੍ਹਾਂ ਇਹ ਵੀ ਕਿਹਾ ਕਿ ਜੇ ਇਸ ਚੋਣ ਵਿਚ ਗਾਂਧੀ ਪਰਵਾਰ ਤੋਂ ਇਲਾਵਾ ਕੋਈ ਹੋਰ ਪ੍ਰਧਾਨ ਚੁਣਿਆ ਜਾਂਦਾ ਹੈ ਤਾਂ ਵੀ ਸੋਨੀਆ ਗਾਂਧੀ ਉਹ ਸ਼ਖਸ਼ੀਅਤ ਹੋਵੇਗੀ ਜਿਸ ਵਲ ਹਰ ਕੋਈ ਧਿਆਨ ਦੇਵੇਗਾ | ਰਾਹੁਲ ਗਾਂਧੀ ਪਾਰਟੀ ਦੇ ਵਿਚਾਰਧਾਰਕ ਕੇਂਦਰ ਵਜੋਂ ਰਹਿਣਗੇ |
ਇਕ ਇੰਟਰਵਿਊ ਦੌਰਾਨ ਰਮੇਸ਼ ਨੇ ਇਸ ਧਾਰਨਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਕਿ ਜੇ ਕੋਈ ਹੋਰ ਪ੍ਰਧਾਨ ਬਣ ਗਿਆ ਤਾਂ ਵੀ ਰਾਹੁਲ ਗਾਂਧੀ 'ਬੈਕਸੀਟ ਡਰਾਈਵਿੰਗ' ਕਰਨਗੇ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਕ ਉਦਾਰਵਾਦੀ ਅਤੇ ਲੋਕਰਾਜੀ ਵਿਅਕਤੀ ਹਨ | ਹਾਈ ਕਮਾਂਡ ਤੋਂ ਬਿਨਾਂ ਪਾਰਟੀ 'ਅਰਾਜਕ' ਬਣ ਜਾਵੇਗੀ | ਸਾਬਕਾ ਕੇਂਦਰੀ ਮੰਤਰੀ ਨੇ ਹਾਈ ਕਮਾਂਡ ਕਲਚਰ 'ਤੇ ਕੁਝ ਕਾਂਗਰਸੀ ਆਗੂਆਂ ਦੀ ਦਲੀਲ ਨੂੰ ਰੱਦ ਕਰਦਿਆਂ ਕਿਹਾ ਕਿ ਅਜਿਹੀ ਵਿਵਸਥਾ ਨਾ ਹੋਣ 'ਤੇ ਪਾਰਟੀ 'ਚ ਅਰਾਜਕਤਾ ਪੈਦਾ ਹੋ ਜਾਵੇਗੀ | ਕਾਂਗਰਸ ਪ੍ਰਧਾਨ ਦੀ ਚੋਣ ਲਈ ਸਰਬਸੰਮਤੀ ਦੀ ਵਕਾਲਤ ਕਰਦਿਆਂ ਰਮੇਸ਼ ਨੇ ਕਾਂਗਰਸ ਦੇ ਸੀਨੀਅਰ ਨੇਤਾ ਕੇ. ਕਾਮਰਾਜ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੀ ਅਗਵਾਈ ਕਰਨ ਲਈ ਸਾਰਿਆਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਸਹੀ ਸਹਿਮਤੀ ਬਣਾਉਣੀ ਚਾਹੀਦੀ ਹੈ |
ਉਨ੍ਹਾਂ ਕਿਹਾ, ''ਕਾਂਗਰਸ ਦੇ ਇਤਿਹਾਸ 'ਚ ਅਸੀਂ ਆਮ ਤੌਰ 'ਤੇ ਸਹਿਮਤੀ ਦੇ ਆਧਾਰ 'ਤੇ ਚੋਣਾਂ ਕਰਵਾਈਆਂ ਹਨ | ਚੋਣਾਂ 1938, 1950, 1997 ਅਤੇ 2000 'ਚ ਹੋਈਆਂ ਸਨ ਪਰ ਮੇਰੀ ਰਾਏ ਵਿਚ ਕਾਮਰਾਜ ਦੇ ਵਿਚਾਰ ਵਾਂਗ ਵਿਆਪਕ ਸਹਿਮਤੀ ਹੈ |
ਮੈਂ ਕਾਮਰਾਜ ਦੇ ਵਿਚਾਰਾਂ ਨਾਲ ਸਬੰਧਤ ਹਾਂ |U ਕਾਂਗਰਸ ਵਲੋਂ ਐਲਾਨੇ ਚੋਣ ਪ੍ਰੋਗਰਾਮ ਅਨੁਸਾਰ ਪਾਰਟੀ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਕੀਤੀ ਜਾਵੇਗੀ | ਨਾਮਜ਼ਦਗੀਆਂ 24 ਸਤੰਬਰ ਤੋਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ | ਜੇਕਰ ਇਕ ਤੋਂ ਵੱਧ ਉਮੀਦਵਾਰ ਹਨ ਤਾਂ 17 ਅਕਤੂਬਰ ਨੂੰ ਵੋਟਾਂ ਪੈਣਗੀਆਂ | (ਪੀਟੀਆਈ)