ਗਿਆਨੀ ਕੇਵਲ ਸਿੰਘ ਨੇ ਪੰਜਾਬ ਦੇ ਮਸਲਿਆਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ
ਗਿਆਨੀ ਕੇਵਲ ਸਿੰਘ ਨੇ ਪੰਜਾਬ ਦੇ ਮਸਲਿਆਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ
ਸਿੱਖਾਂ ਦੀਆਂ ਸ਼ਿਕਾਇਤਾਂ ਇਸ ਰਾਜ ਵਿਚ ਹੋਰ ਵਧ ਗਈਆਂ
ਅੰਮਿ੍ਤਸਰ, 14 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਬਕਾ ਜਥੇਦਾਰ ਦਮਦਮਾ ਸਾਹਿਬ ਗਿ. ਕੇਵਲ ਸਿੰਘ ਨੇ ਚਿੱਠੀ ਲਿਖਦਿਆਂ ਕਿਹਾ ਹੈ ਕਿ ਪੰਜਾਬ ਕਿਥੋਂ ਕਿਥੇ ਆ ਗਿਆ ਹੈ, ਇਹ ਜੱਗ ਜ਼ਾਹਰ ਹੈ | ਇਸ ਨਿਘਾਰ ਲਈ ਪੰਜਾਬ ਦੀਆਂ ਰਾਜਨੀਤਕ ਧਿਰਾਂ ਮੁੱਖ ਦੋਸ਼ੀ ਹਨ | ਤੁਸੀਂ ਪੰਜਾਬ ਦੀ ਹੋਣੀ ਨਵੇਂ ਸਿਰਿਉਂ ਸਿਰਜਣ ਦਾ ਭਰੋਸਾ ਦੇ ਕੇ ਆਸਣ 'ਤੇ ਆਸੀਨ ਹੋਏ ਹੋ | ਤੁਹਾਡੇ ਵਲੋਂ ਰੇਤ ਮਾਫ਼ੀਆ ਤੋਂ ਮੁਕਤੀ, ਨਸ਼ਿਆਂ ਤੋਂ ਮੁਕਤੀ, ਭਿ੍ਸ਼ਟਾਚਾਰ ਤੋਂ ਮੁਕਤੀ ਅਤੇ ਬੇਰੁਜ਼ਗਾਰੀ ਤੋਂ ਮੁਕਤੀ ਇਤਿਆਦਿ ਕਈ ਮੁਕਤੀਆਂ ਦੇ ਬਹੁਤ ਸਾਰੇ ਵਾਅਦੇ ਕੀਤੇ ਗਏ | ਸਮਾਜਕ ਕਾਰਜਕਰਤਾ ਸੱਜਣਾਂ ਦੇ ਮੂੰਹੋਂ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਥਾਣਿਆਂ ਵਿਚ ਕੰਮ ਕਰਵਾਉਣੇ ਪਹਿਲਾਂ ਨਾਲੋਂ ਮਹਿੰਗੇ ਹੋ ਗਏ ਹਨ | ਆਮ ਆਦਮੀ ਪਾਰਟੀ ਦੇ ਕਾਰਕੁਨਾਂ ਦੀ ਵੀ ਸੁਣਵਾਈ ਨਹੀਂ ਹੁੰਦੀ | ਆਮ ਲੋਕ ਜੋ ਤੱਥ ਪੇਸ਼ ਕਰ ਰਹੇ ਹਨ, ਸ਼ਾਇਦ ਉਹ ਝੂਠ ਹੀ ਹੋਣਗੇ |
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ-ਪੱਖੀ ਤੇ ਨਿਰਪੱਖ ਛਵੀ ਵਾਲਾ ਐਡਵੋਕੇਟ ਜਨਰਲ ਵੀ ਨਸੀਬ ਨਹੀਂ ਹੋ ਸਕਿਆ | ਕੀ ਇਹ ਸੱਚ ਹੈ ਕਿ ਜੋ ਨੁਮਾਇੰਦਾ ਅੱਜ ਕੁਰਸੀ 'ਤੇ ਹੈ ਉਹ ਚਰਚਿਤ ਸਾਧ ਤੇ ਸੁਮੇਧ ਸੈਣੀ ਦਾ ਵਕੀਲ ਰਿਹਾ ਹੈ? ਜੇ ਇਹ ਸੱਚ ਹੈ ਤਾਂ ਪੰਜਾਬ ਨਾਲ ਵਾਰ-ਵਾਰ ਧੋਖਾ ਹੋ ਰਿਹਾ ਹੈ | ਪੰਜਾਬ ਨਾਲ ਹੋਈਆਂ ਬੀਤੇ ਦੀਆਂ ਠੱਗੀਆਂ ਦੇ ਨਿਬੇੜੇ ਲਈ ਲੋਕ-ਹਿਤ ਵਿਚ ਕਿਹੜਾ ਕਿਹੜਾ ਕਦਮ ਪੁੱਟ ਲਿਆ, ਸਵਾਲਾਂ ਦੀ ਝੜੀ ਲੱਗ ਜਾਏਗੀ | ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਸ਼ਹੀਦ ਹੋਏ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਵਾਲਾ ਮਸਲਾ ਅੱਜ ਵੀ ਜਿਉਂ ਦੀ ਤਿਉਂ ਹੈ | ਅੱਜ ਵੀ ਪੰਜਾਬ ਤੇ ਇਨਸਾਫ਼ਪ੍ਰਸਤ ਜਗਤ ਇਨਸਾਫ਼ ਦੀ ਉਡੀਕ ਵਿਚ ਬੈਠਾ ਹੈ | ਪੰਜਾਬ ਦੇ ਵਾਰਸ ਖ਼ੂਨ ਦੇ ਅੱਥਰੂ ਵਹਾ ਰਹੇ ਹਨ | ਲਾਰਿਆਂ ਵਾਲੇ ਵਿਹਾਰ ਤੋਂ ਦੁਖੀਆਂ ਦੇ ਸਵਾਲ ਹਨ ਕਿ ਸਮਾਂ-ਬੱਧ ਕਰਮ ਕਿਉਂ ਨਹੀਂ ਹੋ ਰਿਹਾ?