ਆਬਕਾਰੀ ਵਿਭਾਗ ਨੇ ਸਕਾਰਪੀਓ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ 33 ਪੇਟੀਆਂ ਕੀਤੀਆਂ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਮਾਮਲਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ

The Excise Department recovered 33 cases of illegal liquor from Scorpio

 

ਪਠਾਨਕੋਟ: ਆਬਕਾਰੀ ਵਿਭਾਗ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਆਬਕਾਰੀ ਵਿਭਾਗ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਪੁਲਿਸ ਪਾਰਟੀ ਸਮੇਤ ਰੋਡ ਤੇ ਨਾਕਾ ਲਗਾ ਲਿਆ। ਪਠਾਨਕੋਟ ਪਾਸੇ ਤੋਂ ਆ ਰਹੀ ਇੱਕ ਸਕਾਰਪੀਓ ਗੱਡੀ ਦੀ ਚੈਕਿੰਗ ਕਰਨ ’ਤੇ ਆਬਕਾਰੀ ਵਿਭਾਗ ਨੇ 33 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ ਜਦਕਿ ਗੱਡੀ ਦਾ ਡਰਾਈਵਰ ਹਨੇਰੇ ਦਾ ਫਾਇਦਾ ਚੁੱਕ ਕੇ ਖੇਤਾਂ ਵੱਲ ਦੌੜਨ ਵਿਚ ਕਾਮਯਾਬ ਹੋ ਗਿਆ।

ਜਾਣਕਾਰੀ ਦਿੰਦਿਆ ਆਬਕਾਰੀ ਅਧਿਕਾਰੀ ਨੇ ਦੱਸਿਆ ਕਿ ਆਬਕਾਰੀ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਅਜੇ ਕੁਮਾਰ ਵੱਲੋਂ ਪੁਲਿਸ ਪਾਰਟੀ ਸਮੇਤ ਘੁਰਾਲਾ ਮੋੜ ’ਤੇ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਪਠਾਨਕੋਟ ਸਾਈਡ ਤੋਂ ਇੱਕ ਸਕਾਰਪੀਓ ਗੱਡੀ ਨੰਬਰ PB35 AE8122 ਆਉਂਦੀ ਦਿਖਾਈ ਦਿੱਤੀ। ਪਹਿਲਾਂ ਤਾਂ ਡਰਾਈਵਰ ਨੇ ਗੱਡੀ ਨੂੰ ਤੇਜ਼ ਕਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੁਲਿਸ ਅਤੇ ਆਬਕਾਰੀ ਅਧਿਕਾਰੀਆਂ ਨੇ ਮੁਸਤੈਦੀ ਦਿਖਾਈ ਤਾਂ ਉਹ ਗੱਡੀ ਰੋਕ ਕੇ ਖੇਤਾਂ ਵੱਲ ਨੂੰ ਦੌੜ ਗਿਆ ਅਤੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਦੌੜਨ ਵਿਚ ਹੋ ਸਫ਼ਲ ਹੋ ਗਿਆ।

ਉਨ੍ਹਾਂ ਦੱਸਿਆ ਕਿ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਜਿਨ੍ਹਾਂ ਵਿੱਚੋਂ 32 ਪੇਟੀਆਂ 111 ਏਸੀਈ‌ ਵਿਸਕੀ ਅਤੇ ਇਕ ਪੇਟੀ ਯੂਕੇ ਨੰਬਰ ਵੰਨ ਵਿਸਕੀ ਦੀ ਸੀ ਜੋ ਕਿ ਸਿਰਫ਼ ਚੰਡੀਗੜ੍ਹ ਵਿਚ ਵਿਕਰੀ ਲਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਗੱਡੀ ਜਗਜੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ਬਹਿਲਾਲਪੁਰ ਜ਼ਿਲ੍ਹਾ ਪਠਾਨਕੋਟ ਦੇ ਨਾਮ ’ਤੇ ਹੈ ਜਿਸ ਕਰ ਕੇ FIR ਵਿਚ ਗੱਡੀ ਦੇ ਮਾਲਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਥਾਣਾ ਤਿੱਬੜ ਵਿਖੇ ਮਾਮਲੇ ਦੀ ਕਾਰਵਾਈ ਚੱਲ ਰਹੀ ਹੈ।