Banur News : ਵਿਧਵਾ ਮਾਂ ਦੀ ਗ਼ਲਤ ਦਵਾਈ ਪੀਣ ਨਾਲ ਹੋਈ ਮੌਤ, ਪ੍ਰੇਸ਼ਾਨ ਪੁੱਤ ਨੇ ਵੀ ਤੋੜਿਆ ਦਮ, ਇਕੱਠੇ ਬਲ਼ੇ ਮਾਂ-ਪੁੱਤ ਦੇ ਸਿਵੇ
Banur News : ਦੋਵਾਂ ਦੀ ਮੌਤ ਦਾ ਕਾਰਨ ਮਾਨਸਿਕ ਪ੍ਰੇਸ਼ਾਨੀ ਦੱਸਿਆ ਜਾ ਰਿਹਾ
Banur mother son death News : ਬਨੂੜ ਤੋਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਸਹਾਮਣੇ ਆਈ ਹੈ। ਇਥੇ ਨੇੜਲੇ ਪਿੰਡ ਗੁਡਾਣਾ ਵਿਖੇ ਇੱਕੋ ਸਮੇਂ ਵਿਧਵਾ ਮਾਂ ਤੇ ਉਸ ਦੇ ਇਕਲੌਤੇ ਪੁੱਤਰ ਦੇ ਸਿਵੇ ਇਕੱਠੇ ਜਲੇ। ਦੋਵਾਂ ਦੀ ਕੱਲ੍ਹ ਮੌਤ ਹੋਈ ਸੀ। ਦੋਵਾਂ ਦੀ ਮੌਤ ਦਾ ਕਾਰਨ ਮਾਨਸਿਕ ਪ੍ਰੇਸ਼ਾਨੀ ਦੱਸਿਆ ਜਾ ਰਿਹਾ ਹੈ।
ਕੁਲਦੀਪ ਕੌਰ (65) ਪਤਨੀ ਮਰਹੂਮ ਮੰਗਤ ਸਿੰਘ ਦਾ ਮੁਹਾਲੀ ਦੇ ਸਿਵਲ ਹਸਪਤਾਲ ’ਚ ਤੇ ਉਸ ਦੇ ਪੁੱਤਰ ਮੇਜਰ ਸਿੰਘ (42) ਦਾ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਤੋਂ ਪੋਸਟਮਾਰਟਮ ਹੋਇਆ। ਸਨੇਟਾ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਕੁਲਦੀਪ ਕੌਰ ਨੇ ਗ਼ਲਤ ਦਵਾਈ ਪੀ ਲਈ ਸੀ। ਜਿਸ ਕਾਰਨ ਮਹਿਲਾ ਦੀ ਹਾਲਤ ਵਿਗੜ ਗਈ, ਜਿਸ ਨੂੰ ਪਰਿਵਾਰਕ ਮੈਂਬਰ ਸੋਹਾਣਾ ਹਸਪਤਾਲ ਲੈ ਗਏ, ਜਿੱਥੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ।
ਵਿਧਵਾ ਦੇ ਪੁੱਤਰ ਮੇਜਰ ਸਿੰਘ ਦੀ ਮੌਤ ਬਨੂੜ ਖੇਤਰ ’ਚ ਹੋਈ। ਥਾਣਾ ਬਨੂੜ ਦੇ ਏ.ਐੱਸ.ਆਈ. ਅਤੇ ਮਾਮਲੇ ਦੇ ਜਾਂਚ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਉਹ ਸੜਕ ਕਿਨਾਰੇ ਡਿੱਗਿਆ ਪਿਆ ਸੀ। ਉਨ੍ਹਾਂ ਦੱਸਿਆ ਕਿ 108 ਨੰਬਰ ਵਾਲੀ ਐਂਬੂਲੈਂਸ ਵਾਲਿਆਂ ਵੱਲੋਂ ਉਸ ਨੂੰ ਚੁੱਕ ਕੇ ਬਨੂੜ ਦੇ ਸਰਕਾਰੀ ਹਸਪਤਾਲ ’ਚ ਲਿਜਾਂਦਾ ਗਿਆ। ਹਸਪਤਾਲ ਵੱਲੋਂ ਉਸ ਦੀ ਖ਼ਰਾਬ ਹਾਲਤ ਨੂੰ ਵੇਖਦਿਆਂ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਮੈਡੀਕਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ।