ਗੁਰਸ਼ਰਨ ਕੌਰ ਨੇ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਨਾਮ ਦਰਜ ਕਰਵਾ ਕੇ ਚਮਕਾਇਆ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਂ
ਡੇਢ ਮਿੰਟ ’ਚ ਅੱਠ ਕਵਿਤਾਵਾਂ ਲਿਖ ਕੇ ਗੁਰਸ਼ਰਨ ਕੌਰ ਨੇ ਬਣਾਇਆ ਰਿਕਾਰਡ
ਫ਼ਿਰੋਜ਼ਪੁਰ : ਧੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ। ਇਸ ਗੱਲ ਨੂੰ ਸਹੀ ਸਾਬਤ ਕਰ ਦਿੱਤਾ ਹੈ ਫਿਰੋਜ਼ਪੁਰ ਦੀ ਗੁਰਸ਼ਰਨ ਕੌਰ ਨੇ। ਗੁਰਸ਼ਰਨ ਕੌਰ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ ਅਤੇ ਉਸ ਨੇ ਡੇਢ ਮਿੰਟ ਵਿਚ 8 ਕਵਿਤਾਵਾਂ ਲਿਖ ਕੇ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਆਪਣਾ ਨਾਂ ਦਰਜ ਕਰਵਾਇਆ ਹੈ। ਇਸ ਤੋਂ ਪਹਿਲਾਂ 2 ਮਿੰਟ ਵਿਚ 5 ਕਵਿਤਾਵਾਂ ਲਿਖਣ ਦਾ ਰਿਕਾਰਡ ਸੀ, ਜਿਸ ਨੂੰ ਗੁਰਸ਼ਰਨ ਕੌਰ ਨੇ ਤੋੜ ਦਿੱਤਾ ਹੈ। ਗੁਰਸ਼ਰਨ ਕੌਰ ਦੀ ਇਸ ਪ੍ਰਾਪਤੀ ’ਤੇ ਪਰਿਵਾਰ ਮੈਂਬਰ, ਸਕੂਲ ਸਟਾਫ਼ ਅਤੇ ਪੂਰੇ ਇਲਾਕੇ ਦੇ ਨਾਲ-ਨਾਲ ਪੂਰਾ ਫਿਰੋਜ਼ਪੁਰ ਜ਼ਿਲ੍ਹਾ ਮਾਣ ਕਰ ਰਿਹਾ ਹੈ। ਗੁਰਸ਼ਰਨ ਕੌਰ ਨਾਲ ਰੋਜ਼ਾਨਾ ਸਪੋਕਸਮੈਨ ਦੇ ਪੱਤਰ ਅਮਿਤ ਸ਼ਰਮਾ ਵੱਲੋਂ ਗੱਲਬਾਤ ਕੀਤੀ ਗਈ ਪੇਸ ਹਨ ਉਸ ਗੱਲਬਾਤ ਦੇ ਕੁੱਝ ਅੰਸ਼ :
ਸਵਾਲ : ਲਿਖਣ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ?
ਜਵਾਬ : ਲਿਖਣ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ ਅਤੇ 2018 ਤੱਕ ਮੈਨੂੰ ਪੂਰੀ ਤਰ੍ਹਾਂ ਤੁਕਬੰਦੀ ਕਰਨੀ ਆ ਗਈ ਸੀ। ਕਰੋਨਾ ਕਾਲ ਸਮੇਂ 2020 ਦੌਰਾਨ ਮੈਂ ਪੰਜਾਬੀ ਭਾਸ਼ਾ ’ਚ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਸੋਧੀ ਹੋਈ ਕਵਿਤਾ ਮੈਂ 2021 ਵਿਚ ਲਿਖੀ ਅਤੇ ਉਦੋਂ ਮੈਂ 11ਵੀਂ ਕਲਾਸ ਵਿਚ ਸੀ। ਹੁਣ ਤੱਕ ਮੇਰੀਆਂ ਦੋ ਕਿਤਾਬਾਂ ਰਿਲੀਜ਼ ਹੋ ਚੁੱਕੀਆਂ ਹਨ। ਪਹਿਲਾਂ ਮੇਰੀਆਂ ਕੁੱਝ ਕਵਿਤਾਵਾਂ ਇਕ ਸਾਂਝੇ ਕਾਵਿ ਸੰਗ੍ਰਹਿ ‘ਖਿਆਲਾਂ ਤੋਂ ਸ਼ਬਦਾਂ ਤੱਕ ਦਾ ਸਫ਼ਰ’ ਵਿਚ ਛਪੀਆਂ ਸਨ। ਇਸ ਤੋਂ ਬਾਅਦ ਮੈਂ ਇਕੱਲੀ ਨੇ ਆਪਣਾ ਕਾਵਿ ਸੰਗ੍ਰਹਿ ਛਪਾਇਆ, ਜਿਸ ਦਾ ਨਾਂ ਸੀ ‘ਮੈਂ ਤੇ ਬੀਬੀ’ ਇਸ ਵਿਚ ਜ਼ਿਆਦਾਤਰ ਕਵਿਤਾਵਾਂ ਮੇਰੀ ਦਾਦੀ ਨਾਲ ਸਬੰਧਤ ਸਨ। ਉਨ੍ਹਾਂ ਵੱਲੋਂ ਹੀ ਮੈਨੂੰ ਅੱਗੇ ਵਧਣ ਲਈ ਹੌਸਲਾ ਦਿੱਤਾ ਗਿਆ, ਕਿਸ ਤਰ੍ਹਾਂ ਉਨ੍ਹਾਂ ਦਾ ਮੇਰੇ ਨਾਲ ਪਿਆਰ ਅਤੇ ਕਿਸ ਤਰ੍ਹਾਂ ਉਨ੍ਹਾਂ ਮੈਨੂੰ ਬਚਪਨ ਤੋਂ ਲੈ ਕੇ ਵੱਡਾ ਹੋਣ ਤੱਕ ਦੀ ਸਿੱਖਿਆ ਦਿੱਤੀ, ਸਭ ਮੈਂ ਆਪਣੀਆਂ ਕਵਿਤਾਵਾਂ ਰਾਹੀਂ ਬਿਆਨ ਕੀਤਾ ਹੈ।
ਸਵਾਲ : ਪਹਿਲਾਂ ਬਣੇ ਰਿਕਾਰਡ ਬਾਰੇ ਤੁਹਾਨੂੰ ਜਾਣਕਾਰੀ ਸੀ?
ਜਵਾਬ : ਪਹਿਲਾਂ 2 ਮਿੰਟ ਵਿਚ 5 ਕਵਿਤਾਵਾਂ ਲਿਖਣ ਦਾ ਰਿਕਾਰਡ ਸੀ। ਜਿਸ ਤੋਂ ਬਾਅਦ ਮੈਂ ਮਨ ’ਚ ਡੇਢ ਮਿੰਟ ਵਿਚ 8 ਕਵਿਤਾਵਾਂ ਲਿਖਣ ਬਾਰੇ ਧਾਰ ਲਿਆ ਸੀ। 2014 ’ਚ ਮੈਨੂੰ ਪਤਾ ਲੱਗਿਆ ਕਿ ਇੰਡੀਆ ਬੁੱਕ ਆਫ ਰਿਕਾਰਡਜ਼ ਨਾਮੀ ਕੋਈ ਚੀਜ਼ ਹੈ ਅਤੇ ਵਿਸ਼ਵ ਰਿਕਾਰਡ ਵੀ ਬਣਦੇ ਹਨ। ਇਸ ਤੋਂ ਬਾਅਦ ਮੈਂ ਆਪਣੇ ਪਾਪਾ ਨਾਲ ਆ ਕੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਬਹੁਤ ਔਖਾ ਕੰਮ ਹੈ। ਪਰ ਮੇਰੇ ਪਾਪਾ ਨੇ ਮੈਨੂੰ ਕਿਹਾ ਕਿ ਤੂੰ ਸਭ ਕੁੱਝ ਕਰ ਸਕਦੀ ਫਿਰ ਕੀ ਹੋਇਆ ਜੇ ਔਖਾ ਹੈ ਪਰ ਤੂੰ ਕਰ ਸਕਦੀ ਹੈ। ਸਭ ਤੋਂ ਪਹਿਲਾਂ ਮੈਂ ਇਕ ਘੰਟੇ ’ਚ 8 ਕਵਿਤਾਵਾਂ ਲਿਖੀਆਂ। ਮੈਂ ਲਗਾਤਾਰ ਅਭਿਆਸ ਕਰਦੀ ਰਹੀ ਅਤੇ 10 ਸਾਲਾਂ ਦੀ ਮਿਹਨਤ ਤੋਂ ਬਾਅਦ ਮੈਂ ਡੇਢ ਮਿੰਟ ਵਿਚ 8 ਕਵਿਤਾਵਾਂ ਲਿਖੀਆਂ। ਸਾਲ 2014 ਤੋਂ 2025 ਤੱਕ ਮੈਂ ਇਸ ਰਿਕਾਰਡ ਨੂੰ ਤੋੜਨ ਲਈ ਲਗਾਤਾਰ ਮਿਹਨਤ ਕਰਦੀ ਰਹੀ।
ਸਵਾਲ : ਤੁਹਾਡੀਆਂ ਕਵਿਤਾਵਾਂ ਦਾ ਵਿਸ਼ਾ ਕੀ ਹੁੰਦਾ ਹੈ?
ਜਵਾਬ : ਮੇਰੀਆਂ ਕਵਿਤਾਵਾਂ ਵਿਚ ਬਹੁਤ ਸਾਰੇ ਵਿਸ਼ੇ ਹੁੰਦੇ ਹਨ ਜਿਵੇਂ ਕਿ ਧਾਰਮਿਕ ਮਾਮਲਿਆਂ ’ਤੇ ਕਵਿਤਾਵਾਂ, ਸਮਾਜਿਕ ਵਿਸ਼ਿਆਂ ’ਤੇ ਕਵਿਤਾਵਾਂ, ਔਰਤਾਂ ’ਤੇ ਕਵਿਤਾਵਾਂ ਸ਼ਾਮਲ ਹਨ। ਬੇਸ਼ਕ ਅੱਜ ਦੇ ਸਮਾਜ ਵਿਚ ਕਿਹਾ ਜਾਂਦਾ ਹੈ ਕਿ ਔਰਤਾਂ ਅੱਗੇ ਵਧ ਰਹੀਆਂ ਹਨ ਅਤੇ ਅਜ਼ਾਦ ਹਨ। ਰੋਜ਼ਗਾਰ ਪਾਉਣਾ ਹੀ ਅਜ਼ਾਦੀ ਨਹੀਂ ਬਲਕਿ ਸਾਨੂੰ ਉਹ ਪੱਖ ਦੇਖਣਾ ਚਾਹੀਦਾ ਹੈ ਕਿ ਅਸਲ ਅਰਥਾਂ ਵਿਚ ਅਜ਼ਾਦੀ ਹੈ ਕੀ। ਸਾਨੂੰ ਆਪਣੇ ਹੱਕਾਂ ਲਈ ਲੜਨਾ, ਆਪਣੇ ਹੱਕਾਂ ਨੂੰ ਪਾਉਣਾ, ਜੇਕਰ ਸਾਨੂੰ ਕੋਈ 100 ਵਿਚੋਂ 10 ਫੀਸਦੀ ਦੇ ਕੇ ਚੁੱਪ ਕਰਵਾ ਦੇਵੇ ਤਾਂ ਅਸੀਂ 90 ਫੀਸਦੀ ਨੂੰ ਅਣਦੇਖਿਆ ਨਹੀਂ ਕਰ ਸਕਦੇ। ਮੈਂ ਚਾਹੁੰਦੀ ਹਾਂ ਕਿ ਜਿਸ ਧਰਤੀ ’ਤੇ ਮੈਂ ਜਨਮ ਲਿਆ ਹੈ ਉਸ ਵਾਸਤੇ ਕੁੱਝ ਚੰਗਾ ਕਰਾਂ।
ਸਵਾਲ : ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਨਾਂ ਦਰਜ ਕਰਵਾਉਣ ਦੀ ਕਿੰਨੀ ਕੁ ਖੁਸ਼ੀ ਹੈ?
ਜਵਾਬ : ਸਭ ਤੋਂ ਪਹਿਲਾਂ ਜਦੋਂ ਮੈਂ ਪਰਿਵਾਰ ਨੂੰ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਆਪਣਾ ਨਾਂ ਦਰਜ ਕਰਵਾਉਣ ਸਬੰਧੀ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਗਿਆ। ਸਭ ਤੋਂ ਪਹਿਲਾਂ ਮੈਂ ਆਪਣੀ ਭੂਆ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਕਿਹਾ ਬਹੁਤ ਵੱਡੀ ਗੱਲ ਹੈ। ਫਿਰ ਮੈਂ ਆਪਣੀ ਚਾਚੀ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਤੂੰ ਆਪਣੇ ਪਿਤਾ ਨਾਲ ਜੋ ਵਾਅਦਾ ਕੀਤਾ ਸੀ, ਉਸ ਨੂੰ ਤੂੰ ਪੂਰਾ ਕਰ ਦਿਖਾਇਆ ਹੈ। ਮੇਰੇ ਜ਼ਿਆਦਾਤਰ ਪਰਿਵਾਰਕ ਮੈਂਬਰਾਂ ਵੱਲੋਂ ਇਹੀ ਕਿਹਾ ਗਿਆ ਕਿ ਤੂੰ ਆਪਣੇ ਬੋਲਾਂ ’ਤੇ ਖਰੀ ਉਤਰੀ ਹੈ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣੀਆਂ ਗੱਲਾਂ ’ਤੇ ਖਰੀ ਉਤਰਦੀ ਰਹੀਂ। ਗੁਰਸ਼ਰਨ ਕੌਰ ਦੀ ਇਸ ਪ੍ਰਾਪਤੀ ’ਤੇ ਉਸ ਦੇ ਅਧਿਆਪਕ ਸਾਹਿਬਾਨ, ਸਾਥੀ ਵਿਦਿਆਰਥੀ ਅਤੇ ਇਲਾਕੇ ਦੇ ਲੋਕ ਬਹੁਤ ਖੁਸ਼ ਹਨ ਅਤੇ ਕਹਿ ਰਹੇ ਹਨ ਕਿ ਗੁਰਸ਼ਰਨ ਕੌਰ ਨੇ ਕੇਵਲ ਆਪਣੇ ਪਰਿਵਾਰ ਦਾ ਹੀ ਨਹੀਂ ਬਲਕਿ ਫਿਰੋਜ਼ਪੁਰ ਜ਼ਿਲ੍ਹੇ ਸਮੇਤ ਸਮੁੱਚੇ ਪੰਜਾਬ ਦਾ ਨਾਂ ਉਚਾ ਕੀਤਾ ਹੈ।