ਯੂਕੇ ’ਚ ਸਿੱਖ ਲੜਕੀ ’ਤੇ ਨਸਲੀ ਹਮਲਾ ਅਤੇੇ ਜ਼ਬਰ ਜਨਾਹ ਮਨੁੱਖਤਾ ਲਈ ਸ਼ਰਮਨਾਕ: ਐਡਵੋਕੇਟ ਧਾਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਜਿਹੀਆਂ ਘਟਨਾਵਾਂ ਨਾ ਸਿਰਫ਼ ਪੀੜਤਾਂ ਨੂੰ ਪ੍ਰਭਾਵਿਤ ਕਰਦੀਆਂ ਹਨ, ਬਲਕਿ ਪੂਰੇ ਭਾਈਚਾਰੇ ਵਿੱਚ ਵੀ ਡਰ ਦਾ ਮਾਹੌਲ ਸਿਰਜਦੀਆਂ ਹਨ।

Racist attack and rape on Sikh girl in UK shameful for humanity: Advocate Dhami

ਅੰਮ੍ਰਿਤਸਰ: ਇੰਗਲੈਂਡ ਅੰਦਰ ਬਰਮਿੰਘਮ ਦੇ ਓਲਡਰਬੀ ਇਲਾਕੇ ’ਚ ਸਿੱਖ ਲੜਕੀ ’ਤੇ ਕੀਤੇ ਨਸਲੀ ਹਮਲੇ ਅਤੇੇ ਜ਼ਬਰ ਜਨਾਹ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਮਨੁੱਖਤਾ ਲਈ ਸ਼ਰਮਨਾਕ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ਼ ਪੀੜਤਾਂ ਨੂੰ ਪ੍ਰਭਾਵਿਤ ਕਰਦੀਆਂ ਹਨ, ਬਲਕਿ ਪੂਰੇ ਭਾਈਚਾਰੇ ਵਿੱਚ ਵੀ ਡਰ ਦਾ ਮਾਹੌਲ ਸਿਰਜਦੀਆਂ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਅੰਦਰ ਲਗਾਤਾਰ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਣ ਲਈ ਸਰਕਾਰਾਂ ਨੂੰ ਸੰਜੀਦਗੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਹਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਯੂਕੇ ਅਤੇ ਹੋਰ ਦੇਸ਼ਾਂ ਵਿਚ ਘਟਗਿਣਤੀ ਭਾਈਚਾਰਿਆਂ ਵਿਰੁੱਧ ਨਫ਼ਰਤੀ ਅਪਰਾਧਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਇਸ ਮਾਮਲੇ ਵਿਚ ਸ਼ਾਮਲ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇ ਕੇ ਪੀੜਤ ਲੜਕੀ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ।

ਐਡਵੋਕੇਟ ਧਾਮੀ ਨੇ ਭਾਰਤ ਸਰਕਾਰ ਦੇ ਵਿਦੇਸ਼ ਵਿਭਾਗ ਨੂੰ ਵੀ ਇਹ ਮਾਮਲਾ ਯੂਕੇ ਦੀ ਸਰਕਾਰ ਕੋਲ ਉਠਾਉਣ ਅਤੇ ਉਥੇ ਵੱਸਦੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਕਿਹਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਮੂਹ ਸਿੱਖ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਇਕਜੁਟਤਾ ਨਾਲ ਅਜਿਹੇ ਅਪਰਾਧਾਂ ਵਿਰੁੱਧ ਅਵਾਜ਼ ਉਠਾ ਕੇ ਨਫ਼ਰਤ ਫ਼ੈਲਾਉਣ ਵਾਲੀਆਂ ਤਾਕਤਾਂ ਨੂੰ ਨਾਕਾਮ ਕੀਤਾ ਜਾਵੇੇ।