ਪੰਜਾਬ ਸਰਕਾਰ ਅਧਿਆਪਕਾਂ ਨਾਲ ਧੱਕੇਸ਼ਾਹੀ ਕਰਨ ਤੋਂ ਬਾਜ਼ ਆਵੇ : ਪ੍ਰੋ. ਚੰਦੂਮਾਜਰਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਐਸਐਸਏ, ਰਮਸਾ ਅਤੇ ਹੋਰ ਅਧਿਆਪਕਾਂ ਦੀ ਤਨਖਾਹ ਵਿਚ ਕੀਤੀ ਗਈ
ਪਟਿਆਲਾ, 15 ਅਕਤੂਬਰ (ਧਰਮਿੰਦਰ ਪਾਲ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਐਸਐਸਏ, ਰਮਸਾ ਅਤੇ ਹੋਰ ਅਧਿਆਪਕਾਂ ਦੀ ਤਨਖਾਹ ਵਿਚ ਕੀਤੀ ਗਈ 70 ਫੀਸਦੀ ਕਟੌਤੀ ਦੇ ਵਿਰੋਧ ਵਿਚ ਅੱਜ ਅਧਿਆਪਕਾਂ ਦੇ ਹੱਕ ਵਿਚ ਨਿਤਰੇ। ਉਨ੍ਹਾਂ ਅਧਿਆਪਕਾਂ ਨਾਲ ਬੈਠ ਕੇ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਜੇ ਪੰਜਾਬ ਸਰਕਾਰ ਨੇ ਅਧਿਆਪਕਾਂ ਨਾਲ ਧੱਕੇਸ਼ਾਹੀ ਬੰਦ ਨਾ ਕੀਤੀ ਤਾਂ ਕੇਂਦਰੀ ਮਨੁੱਖੀ ਮੰਤਰੀ ਨੂੰ ਮਿਲ ਕੇ ਸੂਬੇ ਦੀਆਂ ਕੇਂਦਰ ਵਲੋਂ ਭੇਜੀਆਂ ਜਾਣ ਵਾਲੀਆਂ ਗ੍ਰਾਂਟਾਂ 'ਤੇ ਰੋਕ ਲਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਐਸ. ਐਸ. ਏ., ਰਮਸਾ ਅਤੇ ਹੋਰ ਅਧਿਆਪਕਾਂ ਦੇ ਮਾਮਲੇ ਵਿਚ ਸ਼ਰੇਆਮ ਕੇਂਦਰ ਦੇ ਐਚ. ਆਰ. ਡੀ. ਮੰਤਰਾਲੇ ਵਲੋਂ ਪਾਸ ਐਕਟ ਦੀਆਂ ਧੱਜੀਆਂ ਉਡਾ ਰਹੀ ਹੈ। ਅਕਾਲੀ ਦਲ ਦਾ ਇਸ ਮਾਮਲੇ ਵਿਚ ਜਲਦੀ ਹੀ ਇਕ ਡੈਪੂਟੇਸ਼ਨ ਸੂਬੇ ਦੇ ਰਾਜਪਾਲ ਨੂੰ ਮਿਲੇਗਾ ਅਤੇ ਸਿੱਖਿਆ ਸਕੱਤਰ ਵਲੋਂ ਸਰਕਾਰ ਨੂੰ ਗੁੰਮਰਾਹ ਕੀਤੇ ਜਾਣ ਬਾਰੇ ਸੂਚਿਤ ਕਰੇਗਾ। ਪ੍ਰੋ. ਚੰਦੂਮਾਜਰਾ ਨੇ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਉਹ ਪਹਿਲਾਂ ਰਾਜਪਾਲ ਨਾਲ ਮਿਲ ਕੇ ਅਤੇ ਫਿਰ ਕੇਂਦਰੀ ਮੰਤਰਾਲੇ ਨਾਲ ਮਿਲ ਕੇ ਉਨ੍ਹਾਂ ਕੋਲ ਅਧਿਆਪਕਾਂ ਦੇ ਹੱਕ ਵਿਚ ਆਵਾਜ਼ ਉਠਾਉਣਗੇ।