ਉੱਘੇ ਨਾਟਕਕਾਰ ਅਤੇ ਰੰਗਕਰਮੀ ਹੰਸਾ ਸਿੰਘ ਦਾ ਦੇਹਾਂਤ, ਰੰਗਮੰਚ ਜਗਤ ਵਿਚ ਸੋਗ ਦੀ ਲਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵ ਚਿੰਤਨ ਕਲਾ ਮੰਚ ਬਿਆਸ ਦੇ ਸੰਸਥਾਪਕ ਸਨ ਹੰਸਾ ਸਿੰਘ ਬਿਆਸ 

Eminent playwright Hansa Singh passes away

ਅੰਮ੍ਰਿਤਸਰ: ਉੱਘੇ ਨਾਟਕਕਾਰੀ ਅਤੇ ਰੰਗਕਰਮੀ ਹੰਸਾ ਸਿੰਘ ਬਿਆਸ ਦੇ ਦੇਹਾਂਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਹੰਸਾ ਸਿੰਘ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।

ਉਹਨਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 2 ਵਜੇ ਬਿਆਸ ਵਿਖੇ ਬਿਆਸ ਬੱਸ ਅੱਡਾ ਅਤੇ ਬਿਆਸ ਪੁਲ ਤੋਂ ਪਹਿਲਾਂ ਪੁਲਿਸ ਨਾਕੇ ਨੇੜਲੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਉਹਨਾਂ ਦੀ ਮੌਤ ਤੋਂ ਬਾਅਦ ਰੰਗਮੰਚ ਜਗਤ ਵਿਚ ਸੋਗ ਦੀ ਲਹਿਰ ਹੈ। ਉਹਨਾਂ ਦੇ ਦੇਹਾਂਤ 'ਤੇ ਰੰਗਮੰਚ ਜਗਤ ਦੀਆਂ ਪ੍ਰਸਿੱਧ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਹਨਾਂ ਦੀ ਮੌਤ ਨਾਲ ਰੰਗਮੰਚ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।  ਦੱਸ ਦਈਏ ਕਿ ਹੰਸਾ ਸਿੰਘ ਬਿਆਸ ਨਵ ਚਿੰਤਨ ਕਲਾ ਮੰਚ ਬਿਆਸ ਦੇ ਸੰਸਥਾਪਕ ਸਨ। ਉਹ ਪਿਛਲੇ 45 ਸਾਲਾਂ ਤੋਂ ਪੰਜਾਬੀ ਰੰਗਮੰਚ ਜਗਤ ਦਾ ਹਿੱਸਾ ਸਨ। ਹੰਸਾ ਸਿੰਘ ਬਿਆਸ ਖੇਤੀ ਕਾਨੂੰਨਾਂ ਵਿਰੋਧੀ ਕਿਸਾਨਾਂ ਦੇ ਸੰਘਰਸ਼ ਵਿਚ ਵੀ ਅਪਣਾ ਯੋਗਦਾਨ ਪਾ ਰਹੇ ਸਨ। ਬੀਤੇ ਦਿਨੀਂ ਉਹਨਾਂ ਨੇ ਕਿਸਾਨਾਂ ਦੇ ਧਰਨੇ ਵਿਚ ਸ਼ਾਮਲ ਹੋ ਕੇ 'ਇਹ ਲਹੂ ਕਿਸਦਾ ਹੈ' ਨਾਟਕ ਖੇਡਿਆ ਸੀ। 

ਉਹਨਾਂ ਦੀ ਮੌਤ 'ਤੇ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਹਨਾਂ ਨੇ ਸਾਰੀ ਉਮਰ  ਇਨਕਲਾਬੀ ਰੰਗ ਮੰਚ ਲਹਿਰ ਦੀਆਂ ਮੋਹਰੀ ਸਫਾਂ 'ਚ ਰਹਿ ਕੇ ਹਿੱਸਾ ਪਾਇਆ| ਸੱਤਰਵਿਆਂ ਦੇ ਦੌਰ 'ਚ ਉਹ ਮਰਹੂਮ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੇ ਮੋਢੀ ਕਲਾਕਾਰਾਂ 'ਚ ਸ਼ੁਮਾਰ ਰਹੇ|

ਉਹ ਮੁੱਢ ਤੋਂ ਹੀ 14 ਮਾਰਚ 1982 ਨੂੰ ਜਥੇਬੰਦ ਹੋਏ ਪਲਸ ਮੰਚ ਦਾ ਹਿੱਸਾ ਰਹੇ| ਉਹ ਲੋਕ ਪੱਖੀ ਰੰਗਮੰਚ ਨਾਲ ਪ੍ਰਤੀਬੱਧਤਾ ਵਾਲੇ ਉੱਭਰਵੇਂ ਕਲਾਕਾਰਾਂ 'ਚ ਸ਼ੁਮਾਰ ਹੁੰਦੇ ਸਨ।  ਉਹ ਬੀਤੇ 28 ਸਾਲ ਤੋਂ ਗ਼ਦਰੀ ਬਾਬਿਆਂ ਦੇ ਮੇਲੇ ਵਿਚ ਝੰਡੇ ਦੇ ਗੀਤ ਵਿਚ ਆਗੂ ਭੂਮਿਕਾ ਅਦਾ ਕਰਦੇ ਰਹੇ।

ਉਹਨਾਂ ਨੇ ਅਪਣੇ ਜੀਵਨ ਕਾਲ ਦੌਰਾਨ ਇਕ ਦਰਜਨ ਦੇ ਕਰੀਬ ਨਾਟਕ ਲਿਖੇ ਅਤੇ ਸੈਂਕੜੇ ਸਟੇਜਾਂ ਕੀਤੀਆਂ। ਪੰਜਾਬ ਤੋਂ ਇਲਾਵਾ ਵਿਦੇਸ਼ਾਂ ਦੀ ਧਰਤੀ 'ਤੇ ਵੀ ਉਹਨਾਂ ਨੇ ਬਾਬਾ ਸੋਹਨ ਸਿੰਘ ਭਕਨਾ, ਬਾਬਾ ਜਵਾਲਾ ਸਿੰਘ ਠੱਠੀਆਂ ਅਤੇ ਸਮੂਹ ਸੰਗਰਾਮੀਆਂ  ਦਾ ਸੁਨੇਹਾ ਲੋਕਾਂ ਤੱਕ ਪੰਹੁਚਾਇਆ।