ਦੇਸ਼ ਵਿਚ ਸਾਈਕਲਾਂ ਦੀ ਰਿਕਾਰਡ ਵਿਕਰੀ, ਮਨਪਸੰਦ ਸਾਈਕਲ ਲਈ ਕਰਨਾ ਪੈ ਰਿਹੈ ਇੰਤਜ਼ਾਰ
ਇਕ ਅੰਦਾਜ਼ੇ ਮੁਤਾਬਕ, ਭਾਰਤ ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਸਾਈਕਲ ਨਿਰਮਾਤਾ ਹੈ
ਜੈਪੁਰ : ਦੁਨੀਆਂ ਵਿਚ ਸਾਈਕਲ ਦੇ ਪ੍ਰਮੁਖ ਬਾਜ਼ਾਰ ਭਾਰਤ ਵਿਚ ਪਿਛਲੇ ਪੰਜ ਮਹੀਨਿਆਂ ਦੌਰਾਨ ਸਾਈਕਲਾਂ ਦੀ ਵਿਕਰੀ ਲਗਭਗ ਦੁਗਣੀ ਹੋ ਗਈ ਹੈ ਅਤੇ ਕਈ ਸ਼ਹਿਰਾਂ ਵਿਚ ਲੋਕਾਂ ਨੂੰ ਅਪਣੀ ਪਸੰਦ ਦੀ ਸਾਈਕਲ ਖ਼ਰੀਦਣ ਲਈ ਉਡੀਕ ਕਰਨੀ ਪੈ ਰਹੀ ਹੈ। ਜਾਣਕਾਰਾਂ ਮੁਤਾਬਕ, ਦੇਸ਼ ਵਿਚ ਪਹਿਲੀ ਵਾਰ ਲੋਕਾਂ ਦਾ ਸਾਈਕਲ ਲਈ ਅਜਿਹਾ ਰੁਝਾਨ ਦੇਖਣ ਨੂੰ ਮਿਲਿਆ ਹੈ ਅਤੇ ਇਸ ਦਾ ਇਕ ਵੱਡਾ ਕਾਰਨ ਕੋਰੋਨਾ ਵਾਇਰਸ ਤੋਂ ਬਾਅਦ ਲੋਕਾਂ ਦਾ ਅਪਣੀ ਸਹਿਤ ਪ੍ਰਤੀ ਸੁਚੇਤ ਹੋਣਾ ਵੀ ਹੈ।
ਇਕ ਅੰਦਾਜ਼ੇ ਮੁਤਾਬਕ, ਭਾਰਤ ਦੁਨੀਆਂ ਦਾ ਦੂਜਾ ਸੱਭ ਤੋਂ ਵੱਡਾ ਸਾਈਕਲ ਨਿਰਮਾਤਾ ਹੈ। ਸਾਈਕਲਾਂ ਦੇ ਨਿਰਮਾਤਾਵਾਂ ਦੇ ਰਾਸ਼ਟਰੀ ਸੰਗਠਨ ਏ. ਆਈ. ਸੀ. ਐਮ. ਏ. ਅਨੁਸਾਰ ਮਈ ਤੋਂ ਸਤੰਬਰ 2020 ਤਕ ਪੰਜ ਮਹੀਨਿਆਂ ਦੌਰਾਨ ਦੇਸ਼ ਵਿਚ ਕੁੱਲ 41,80,945 ਸਾਈਕਲਾਂ ਦੀ ਵਿਕਰੀ ਹੋ ਚੁਕੀ ਹੈ। ਸਰਬ ਭਾਰਤੀ ਸਾਈਕਲ ਨਿਰਮਤਾ ਸੰਗਠਨ (ਏ. ਆਈ. ਸੀ. ਐਮ. ਏ.) ਦੇ ਜਨਰਲ ਸਕੱਤਰ ਕੇ. ਬੀ. ਠਾਕੁਰ ਕਹਿੰਦੇ ਹਨ ਕਿ ਸਾਈਕਲਾਂ ਦੀ ਮੰਗ ਵਿਚ ਵਾਧਾ ਹੈਰਾਨ ਕਰਨ ਵਾਲਾ ਹੈ।
ਸ਼ਾਇਦ ਇਤਿਹਾਸ ਵਿਚ ਪਹਿਲੀ ਵਾਰ ਸਾਈਕਲਾਂ ਲਈ ਅਜਿਹਾ ਰੁਝਾਨ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ, ''ਇਨ੍ਹਾਂ ਪੰਜ ਮਹੀਨਿਆਂ ਵਿਚ ਸਾਈਕਲਾਂ ਦੀ ਵਿਕਰੀ 100 ਫ਼ੀ ਸਦੀ ਤਕ ਵਧੀ ਹੈ। ਕਈ ਜਗ੍ਹਾ ਲੋਕਾਂ ਨੂੰ ਅਪਣੀ ਪਸੰਦ ਦੀ ਸਾਈਕਲ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ, ਬੁਕਿੰਗ ਕਰਵਾਉਣੀ ਪੈ ਰਹੀ ਹੈ।''