ਕਿਸਾਨੀ ਧਰਨਿਆਂ 'ਚ ਦੂਜੇ ਦਿਨ ਵੀ 'ਸਪੋਕਸਮੈਨ' ਦੀ ਸੰਪਾਦਕੀ ਦੀ ਚਰਚਾ
ਜੇਕਰ ਉਕਤ ਤਿੰਨ ਕਾਨੂੰਨ ਰੱਦ ਨਾ ਹੋਏ ਤੇ ਭਾਜਪਾ ਆਗੂਆਂ ਨੇ ਆਪੋ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਨਾ ਦਿਤੇ ਤਾਂ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਕਰ ਦਿਤਾ ਜਾਵੇਗਾ।
ਕੋਟਕਪੂਰਾ (ਗੁਰਿੰਦਰ ਸਿੰਘ) : ਪਿਛਲੇ 14 ਦਿਨਾਂ ਤੋਂ ਸਥਾਨਕ ਭਾਜਪਾ ਆਗੂ ਦੇ ਘਰ ਮੂਹਰੇ ਦਿਨ-ਰਾਤ ਦੇ ਪੱਕੇ ਧਰਨੇ 'ਤੇ ਬੈਠੇ ਕਿਸਾਨਾਂ ਦਾ ਗੁੱਸਾ ਉਸ ਵੇਲੇ ਭੜਕ ਪਿਆ, ਜਦੋਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਦੀ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਸਿਰੇ ਨਹੀਂ ਚੜ੍ਹੀ। ਉਨ੍ਹਾਂ ਸੂਬਾ ਕਮੇਟੀ ਦੇ ਸੱਦੇ 'ਤੇ ਭਾਜਪਾ ਆਗੂ ਦੀ ਕੋਠੀ ਦਾ ਘਿਰਾਉ ਕਰਦਿਆਂ ਆਖਿਆ ਕਿ ਇਹ ਦੋ ਘੰਟਿਆਂ ਦਾ ਸੰਕੇਤਕ ਘਿਰਾਉ ਹੈ
ਜੇਕਰ ਉਕਤ ਤਿੰਨ ਕਾਨੂੰਨ ਰੱਦ ਨਾ ਹੋਏ ਅਤੇ ਪੰਜਾਬ ਦੇ ਭਾਜਪਾ ਆਗੂਆਂ ਨੇ ਆਪੋ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਨਾ ਦਿਤੇ ਤਾਂ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਕਰ ਦਿਤਾ ਜਾਵੇਗਾ। ਅਪਣੇ ਸੰਬੋਧਨ ਦੌਰਾਨ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ, ਬਲਾਕ ਕੋਟਕਪੂਰਾ ਦੇ ਪ੍ਰਧਾਨ ਨਿਰਮਲ ਸਿੰਘ ਜਿਉਣ ਵਾਲਾ, ਬਲਾਕ ਜੈਤੋ ਦੇ ਪ੍ਰਧਾਨ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ, ਭੋਲਾ ਸਿੰਘ ਜੈਤੋ, ਨਛੱਤਰ ਸਿੰਘ ਰਣ ਸਿੰਘ ਵਾਲਾ,
ਬਲਵਿੰਦਰ ਸਿੰਘ ਮੱਤਾ ਆਦਿ ਨੇ ਕਿਹਾ ਕਿ ਜਥੇਬੰਦੀਆਂ ਦੇ ਸੰਘਰਸ਼ ਨੂੰ ਭਾਜਪਾ ਦੇ ਆਈਟੀਸੈੱਲ ਜਥੇਬੰਦੀਆਂ ਦੀ ਏਕਤਾ ਨੂੰ ਤਾਰਪੀਡੋ ਕਰਨ ਲਈ ਸੋਸ਼ਲ ਮੀਡੀਆ 'ਤੇ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾ ਰਿਹਾ ਹੈ। ਧਰਨੇ 'ਤੇ ਕਈ ਕਿਸਾਨਾਂ ਨੇ ਅਪਣੇ ਸਮੁੱਚੇ ਪ੍ਰਵਾਰਾਂ ਨਾਲ ਸ਼ਮੂਲੀਅਤ ਕੀਤੀ। ਭਾਜਪਾ ਆਗੂ ਦੇ ਘਰ ਮੂਹਰੇ ਅਤੇ ਰਿਲਾਇੰਸ ਪੰਪ ਅੱਗੇ ਲੱਗੇ ਧਰਨਿਆਂ 'ਚ ਅੱਜ ਦੂਜੇ ਦਿਨ ਵੀ ਰੋਜ਼ਾਨਾ ਸਪੋਕਸਮੈਨ ਦੀ ਸੰਪਾਦਕੀ ਦੀ ਚਰਚਾ ਸਿਖਰ 'ਤੇ ਰਹੀ।