ਪੰਜਾਬ ਦੀਆਂ ਕੁਰਬਾਨੀਆਂ ਦੀ ਕਦਰ ਕਰਨ ਦੀ ਥਾਂ ਮੋਦੀ ਸਰਕਾਰ ਸੂਬੇ ਨੂੰ ਬਰਬਾਦ ਕਰਨ ਲੱਗੀ : ਬ੍ਰਹਮਪੁਰ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੀਆਂ ਕੁਰਬਾਨੀਆਂ ਦੀ ਕਦਰ ਕਰਨ ਦੀ ਥਾਂ ਮੋਦੀ ਸਰਕਾਰ ਸੂਬੇ ਨੂੰ ਬਰਬਾਦ ਕਰਨ ਲੱਗੀ : ਬ੍ਰਹਮਪੁਰਾ

image

ਅੰਮ੍ਰਿਤਸਰ, 14 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪੰਜਾਬ ਅੰਦਰ ਬੀ.ਐਸ.ਐਫ਼. ਨੂੰ 50 ਕਿਲੋਮੀਟਰ ਤਕ ਅਧਿਕਾਰ ਖੇਤਰ ਦੇਣ ਦੀ ਤਿੱਖੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ ਸੂੂੁਬਿਆਂ ਦੇ ਅਧਿਕਾਰਾਂ ’ਚ ਨਾਜਾਇਜ਼ ਦਖ਼ਲਅੰਦਾਜ਼ੀ ਖੇਤੀ ਦੇ ਕਾਲੇ ਕਾਨੂੰਨਾਂ ਵਾਂਗ ਕਰ ਰਹੀ ਹੈ, ਜੋ ਲੋਕਤੰਤਰੀ ਨਹੀਂ, ਇਕ ਡਿਕਟੇਟਰਸ਼ਿਪ ਵਾਲਾ ਫ਼ੈਸਲਾ ਹੈ। ਸ. ਬ੍ਰਹਮਪੁਰਾ ਨੇ ਕਿਹਾ ਕਿ 50 ਕਿਲੋਮੀਟਰ ਖੇਤਰ ਬੀ.ਐਸ.ਐਫ਼ ਅਧਿਕਾਰੀਆਂ ਨੂੰ ਦੇੇਣਾ, ਸਿਵਲ-ਅਧਿਕਾਰਾਂ ’ਤੇ ਛਾਪਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਜ਼ਾਦੀ ਸੰਗਰਾਮ ’ਚ ਸੱਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਖਾਸ ਕਰ ਕੇ ਸਿੱਖਾਂ ਵਲੋਂ ਦਿਤੀਆਂ ਗਈਆਂ ਪਰ ਉਨ੍ਹਾਂ ਦੀ ਕਦਰ ਕਰਨ ਦੀ ਥਾਂ ਪੰਜਾਬ ਨੂੰ ਬਰਬਾਦ ਕਰਨ ’ਤੇ ਮੋਦੀ ਦੀ ਸਰਕਾਰ ਤੁਲ ਗਈ ਹੈ। 
ਸ. ਬ੍ਰਹਮਪੁਰਾ ਨੇ ਕੇਂਦਰ ਨੂੰ ਯਾਦ ਨੂੰ ਯਾਦ ਕਰਵਾਇਆ ਕਿ ਸੂਬਿਆਂ ਨੂੰ ਵੱਧ ਅਧਿਕਾਰ ਦੇੇਣ ਲਈ ਪੰਜਾਬ ਨੇ ਕਈ ਮੋਰਚੇ ਲਾਏ, ਕੈਦਾਂ ਕੱਟੀਆਂ, ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਿਆ, ਅੰਗਰੇਜ ਸਾਮਰਾਜ ਦਾ ਅਸਿਹ ਤਸ਼ੱਦਦ ਅਪਣੇ ਪਿੰਢਿਆਂ ਤੇ ਹੰਢਾਇਆ ਤਾਂ ਜਾ ਕੇ ਦੇ ਦੇਸ਼ ਨੂੰ ਆਜ਼ਾਦੀ ਨਸੀਬ ਹੋਈ ਸੀ। ਪਰ ਹਾਕਮਾਂ ਨੇ ਫੈਡਰਲ ਢਾਂਚੇ ਨੂੰ ਖ਼ਤਮ ਕਰ ਕੇ, ਲੋਕੰਤਤਰ ਦਾ ਜਨਾਜ਼ਾ ਕੱਢ ਦਿਤਾ ਹੈ ਤੇ ਸੰਵਿਧਾਨ ਦੀ ਰੂਹ ਬਰਬਾਦ ਕਰ ਦਿਤੀ ਹੈ। ਲੋਕ ਇਸ ਤਾਨਾਸ਼ਾਹੀ ਫ਼ੈਸਲੇ ਦਾ ਵਿਰੋਧ ਕਰਨਗੇ ਕਿਉਂਕਿ ਲੋਕਾਂ ’ਚ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਨੂੰ ਆਰਥਕ ਪੱਖੋਂ ਮਜ਼ਬੂਤ ਕਰਨ ਲਈ ਇਥੇ ਵਿਕਾਸਸ਼ੀਲ ਕਾਰਜ, ਫ਼ੈਕਟਰੀਆਂ, ਇੰਡਸਟਰੀ ਆਦਿ ਕੰਮਾਂ ਨੂੰ ਨੇਪੜੇ ਚਾੜ੍ਹਨ ਲਈ ਕੰਮ ਕੀਤੇ ਜਾਂਦੇ ਪਰ ਦੇਸ਼ ਦੇ ਹਾਕਮਾਂ ਨੇ ਹਮੇਸ਼ਾ ਹੀ ਪੰਜਾਬ ਨਾਲ ਸਿਰੇ ਦਾ ਵਿਤਕਰਾ ਕੀਤਾ। 
ਬ੍ਰਹਮਪੁਰਾ ਨੇ ਬੀ.ਐਸ.ਐਫ਼ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਦਿਨ-ਰਾਤ ਸਰਹੱਦਾਂ ਦੀ ਰਾਖੀ ਕਰਦੀ ਹੈ ਪਰ ਉਸ ਨੂੰ ਸਿਵਲ ਦੇ ਕਾਰਜ ਦੇਣ ਨਾਲ ਇਸ ਫੋਰਸ ਦੇ ਵਕਾਰ ’ਤੇ ਢਾਹ ਲੱਗ ਸਕਦੀ ਹੈ। ਸ. ਬ੍ਰਹਮਪੁਰਾ ਨੇ ਮੋਦੀ ਦੀ ਸਰਕਾਰ ਦੇ ਇਸ ਲੋਕੰਤਤਰੀ ਫ਼ੈਸਲੇ ਵਿਰੁਧ ਸਮੂਹ ਦਲਾਂ ਨੂੂੰ ਇਕ ਮੰਚ ’ਤੇ ਡਟਣ ਦੀ ਅਪੀਲ ਕੀਤੀ ਥਾਂ ਜੋ ਇਹ ਖ਼ਤਰਨਾਕ ਕਾਨੂੰਨ ਰੱਦ ਕਰਵਾਇਆ ਜਾ ਸਕੇ। ਉਨ੍ਹਾਂ ਕੇਂਦਰ ਸਰਕਾਰ ਤੇ ਵਿਅੰਗ ਕਸਦਿਆਂ ਕਿਹਾ ਕਿ ਉਸ ਵਿੱਚ ਇੰਦਰਾ ਦੀ ਰੂਹ ਆ ਗਈ ਹੈ,  ਜਿਸ ਨੇ ਐਮਰਜੈਂਸੀ ਲਾ ਕੇ ਲੋਕਤੰਤਰ ਦੀਆਂ ਧੱਜੀਆਂ ਉਡਾ ਦਿਤੀਆਂ ਸਨ ਤੇ ਲੋਕਾਂ ਨੇ ਉਸ ਨੂੰ ਬਹੁਤ ਬੁਰੀ ਤਰ੍ਹਾਂ ਸੱਤਾਹੀਣ ਕਰ ਦਿਤਾ ਸੀ। 
ਕੈਪਸ਼ਨ—ਏ ਐਸ ਆਰ ਬਹੋੜੂ— 14— 2— ਰਣਜੀਤ ਸਿੰਘ ਬ੍ਰਹਮਪੁਰਾ ।