ਸਿੱਖ ਨੌਜਵਾਨ ਗੁਰਜੀਤ ਸਿੰਘ ਬਿੱਟੂ ਨਮਿਤ ਸ਼ਰਧਾਂਜ਼ਲੀ ਸਮਾਗਮ ਮੌਕੇ ਪੁੱਜੇ ਉਘੇ ਆਗੂ

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਨੌਜਵਾਨ ਗੁਰਜੀਤ ਸਿੰਘ ਬਿੱਟੂ ਨਮਿਤ ਸ਼ਰਧਾਂਜ਼ਲੀ ਸਮਾਗਮ ਮੌਕੇ ਪੁੱਜੇ ਉਘੇ ਆਗੂ

image

ਕੋਟਕਪੂਰਾ, 14 ਅਕਤੂਬਰ (ਗੁਰਿੰਦਰ ਸਿੰਘ) : 14 ਅਕਤੂਬਰ 2015 ਨੂੰ (6 ਸਾਲ ਪਹਿਲਾਂ) ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸਿੱਖ ਨੌਜਵਾਨ ਗੁਰਜੀਤ ਸਿੰਘ ਬਿੱਟੂ ਦੇ ਗ੍ਰਹਿ ਪਿੰਡ ਸਰਾਵਾਂ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। 
ਸ਼ਹੀਦ ਦੇ ਨਜ਼ਦੀਕੀ ਰਿਸ਼ਤੇਦਾਰ ਕਰਮ ਸਿੰਘ ਯੋਗੀ ਨੇ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਪਹਿਲੀਆਂ ਅਤੇ ਮੌਜੂਦਾ ਸਰਕਾਰਾਂ ਨੇ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਨਹੀਂ ਦਿਤਾ, ਉਸੇ ਤਰ੍ਹਾਂ ਨਵੀਆਂ ਹੋਂਦ ਵਿਚ ਆਉਣ ਵਾਲੀਆਂ ਸਰਕਾਰਾਂ ਤੋਂ ਵੀ ਆਸ ਰੱਖਣੀ ਖ਼ੁਦ ਨੂੰ ਭੁਲੇਖੇ ਵਿਚ ਰੱਖਣ ਸਮਾਨ ਹੈ। ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਪੰਜਾਬ ਦੇ ਸੂਬਾਈ ਪ੍ਰਧਾਨ ਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਕੁੱਝ ਸਿੱਖਾਂ ਦੇ ਇਨਸਾਫ਼ ਪਸੰਦ ਲੋਕ ਬਹਿਬਲ ਕਲਾਂ ’ਚ ਇਕੱਠੇ ਹੋ ਕਿ ਇਨਸਾਫ਼ ਦੀ ਮੰਗ ਕਰ ਰਹੇ ਸਨ ਤਾਂ ਬਾਦਲ ਸਰਕਾਰ ਦੀ ਪੁਲਿਸ ਨੇ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਨੂੰ ਸ਼ਹੀਦ ਕਰ ਦਿਤਾ। ਉਸ ਸਮੇਂ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਅਤੇ ਬਾਅਦ ਵਿਚ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸਿਵਾਏ ਇਕ ਦੂਜੇ ’ਤੇ ਚਿੱਕੜ ਸੁੱਟਣ ਤੋਂ ਇਲਾਵਾ ਕੱੁਝ ਵੀ ਨਹੀਂ ਕੀਤਾ। ਸਟੇਜ ਸੰਚਾਲਨ ਕਰਦਿਆਂ ਜਸਵਿੰਦਰ ਸਿੰਘ ਮੱਤਾ ਨੇ ਸ਼ਹੀਦ ਦੇ ਪਿਤਾ ਸਾਧੂ ਸਿੰਘ ਸਰਾਵਾਂ ਸਮੇਤ ਸਮੁੱਚੇ ਪ੍ਰਵਾਰ ਵਲੋਂ ਸਾਰਿਆਂ ਦਾ ਧਨਵਾਦ ਕੀਤਾ। ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ’ਚ ਮਾ. ਬਲਦੇਵ ਸਿੰਘ ਹਲਕਾ ਵਿਧਾਇਕ ਜੈਤੋ, ਦਰਸ਼ਨ ਸਿੰਘ ਸਹੋਤਾ, ਦਰਸ਼ਨ ਸਿੰਘ ਢਿੱਲਵਾਂ, ਸੁਖਰਾਜ ਸਿੰਘ ਨਿਆਮੀਵਾਲਾ, ਗੁਰਿੰਦਰ ਸਿੰਘ ਕੋਟਕਪੂਰਾ, ਸੁਖਵਿੰਦਰ ਸਿੰਘ ਬੱਬੂ, ਗੁਰਸੇਵਕ ਸਿੰਘ ਭਾਣਾ, ਜਸਵਿੰਦਰ ਸਿੰਘ ਜੈਲਦਾਰ, ਸੁਖਜੀਤ ਸਿੰਘ ਢਿੱਲਵਾਂ ਆਦਿ ਵੀ ਸ਼ਾਮਲ ਹਨ।