ਐਸਸੀ ਵਿਅਕਤੀ ਦਾ ਸਿੰਘੂ ਬਾਰਡਰ ’ਤੇ ਹੱਥ-ਪੈਰ ਕੱਟ ਕੇ ਕਤਲ, ਤਾਲਿਬਾਨੀ ਬਰਬਰਤਾ : ਵਿਜੈ ਸਾਂਪਲਾ
ਨੈਸ਼ਨਲ ਐਸਸੀ ਕਮਿਸ਼ਨ ਨੇ ਹਰਿਆਣਾ ਦੇ ਡੀਜੀਪੀ ਤੋਂ ਮੰਗਿਆ ਜਵਾਬ
ਨੈਸ਼ਨਲ ਐਸਸੀ ਕਮਿਸ਼ਨ ਨੇ ਹਰਿਆਣਾ ਦੇ ਡੀਜੀਪੀ ਤੋਂ ਮੰਗਿਆ ਜਵਾਬ
ਚੰਡੀਗੜ੍ਹ : ਜਿਹੜੀ ਬੇਰਹਮੀ ਨਾਲ ਸਿੰਘੂ ਬਾਰਡਰ ’ਤੇ ਇੱਕ ਐਸਸੀ ਵਿਅਕਤੀ ਦਾ ਹੱਥ ਕੱਟ ਕੇ, ਟੰਗਾਂ ਤੋੜ ਕੇ ਕਤਲ ਕੀਤਾ ਗਿਆ, ਇਹ ਇੱਕ ਤਾਲਿਬਾਨੀ ਬਰਬਰਤਾ ਹੈ, ਇਹ ਕਹਿਣਾ ਹੈ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਦਾ।
ਸਾਂਪਲਾ ਨੇ ਕਿਹਾ ਕਿ ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਦੀ ਹੱਤਿਆ ਦੇ ਵਾਇਰਲ ਵੀਡੀਓ ਦੇਖਣ ਤੋਂ ਬਾਅਦ ਲੱਗਦਾ ਹੈ ਸਿੰਘੂ ਬਾਰਡਰ ’ਤੇ ਬੈਠੇ ਅੰਦੋਲਨਕਾਰੀ / ਕਿਸਾਨ ਸੰਗਠਨਾਂ ਦੇ ਵਰਕਰਾਂ ਨੂੰ ਕਾਨੂੰਨ ਦਾ ਕੋਈ ਭੈਅ ਨਹੀਂ। ਗਲਤੀ ਕਿੰਨੀ ਵੀ ਵੱਡੀ ਹੋਵੇ, ਪਰ ਕਿਸੇ ਦੋਸ਼ੀ ਨੂੰ ਜਾਨੋਂ ਮਾਰਨ ਦਾ ਹੱਕ ਨਹੀਂ।
ਵੀਡੀਓ ਵਿੱਚ ਸਪੱਸ਼ਟ ਦਿਸ ਰਿਹਾ ਹੈ ਕਿ ਸਿੰਘੂ ਬਾਰਡਰ ਦੇ ਮੰਚ ਦੇ ਕੋਲ ਇਸ ਪੰਜਾਬ ਦੇ ਐਸਸੀ ਵਿਅਕਤੀ ਨੂੰ ਮਾਰਨ ਤੋਂ ਬਾਅਦ ਉਲਟਾ ਲਮਕਾਇਆ ਹੋਇਆ ਹੈ। ਇਹ ਕੋਈ ਆਮ ਮੰਚ ਮੰਚ ਨਹੀਂ, ਬਲਕਿ ਇਸ ਅੰਦੋਲਨ ਦਾ ਮੁੱਖ ਮੰਚ ਹੈ, ਜਿੱਥੇ 24 ਘੰਟੇ ਕਿਸਾਨ ਸੰਗਠਨਾਂ ਦੇ ਮੁੱਖੀ ਅਤੇ ਵਰਕਰ ਸੁਰੱਖਿਆ ਲਈ ਤੈਨਾਤ ਰਹਿੰਦੇ ਹਨ। ਹੈਰਾਨੀ ਦੀ ਗੱਲ ਕਿ ਉਸੇ ਮੰਚ ਦੇ ਕੋਲ ਉਸ ਨੂੰ ਮਾਰਿਆ ਗਿਆ, ਮਾਰ ਕੇ ਲਿਆਉਂਦਾ ਗਿਆ ਅਤੇ ਫਿਰ ਰੱਸੀ ਨਾਲ ਬੰਨ ਕੇ ਲਮਕਾਇਆ ਗਿਆ ਅਤੇ ਕਿਸਾਨ ਸੰਗਠਨਾਂ ਦੇ ਵਰਕਰਾਂ ਨੂੰ ਇਸਦਾ ਪਤਾ ਨਹੀਂ ਚੱਲਿਆ।
ਛੋਟੀ-ਛੋਟੀ ਗੱਲ ’ਤੇ ਤੁਰੰਤ ਪ੍ਰੈਸ ਬਿਆਨ/ਟੀਵੀ ’ਤੇ ਬੋਲਣ ਵਾਲੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਇਸ ਐਸਸੀ ਦੇ ਕਤਲ ’ਤੇ ਟਿੱਪਣੀ ਕਰਨ ਲਈ ਸ਼ਾਮ ਨੂੰ ਤਿੰਨ ਵਜੇ ਪੱਤਰਕਾਰਾਂ ਨਾਲ ਗੱਲ ਕਰਨ ਦਾ ਸਮਾਂ ਲੱਗਿਆ।
ਸਾਂਪਲਾ ਨੇ ਅੱਗੇ ਕਿਹਾ ਕਿ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਆਗੂਆਂ ਨੇ ਮੰਨਿਆ ਕਿ ਤਰਨਤਾਰਨ ਦਾ ਰਹਿਣ ਵਾਲਾ ਮ੍ਰਿਤਕ ਦਲਿਤ ਲਖਵੀਰ ਉਨਾਂ ਦੇ ਨਾਲ ਰਹਿੰਦਾ ਸੀ। ਜੇਕਰ ਇੰਨੀ ਜਾਣਕਾਰੀ ਸੀ, ਤਾਂ ਉਸਦੇ ਕਤਲ ਬਾਰੇ ਕੋਈ ਜਾਣਕਾਰੀ ਕਿਉਂ ਨਹੀਂ ਹੈ।
ਸ਼ਾਇਦ ਤਰਨਤਾਰਨ ਦਾ ਰਹਿਣ ਵਾਲਾ ਮ੍ਰਿਤਕ ਲਖਵੀਰ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਸੀ, ਇਸ ਕਾਰਨ ਸੰਯੁਕਤ ਕਿਸਾਨ ਮੋਰਚਾ ਸਮੇਤ ਬਾਕੀ ਪੰਜਾਬ ਕਿਸਾਨ ਸੰਗਠਨਾਂ ਨੂੰ ਇਸਦਾ ਦਰਦ ਨਹੀਂ ਹੈ।
ਸਾਂਪਲਾ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦੇ ਨਾਤੇ ਇਸ ਘਟਨਾ ਨੂੰ ਧਿਆਨ ਵਿੱਚ ਰੱਖਦਿਆਂ ਹਰਿਆਣਾ ਪੁਲਿਸ ਦੇ ਡੀਜੀਪੀ ਨਾਲ ਤੁਰੰਤ ਗੱਲ ਕਰ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਆਦੇਸ਼ ਦਿੱਤਾ।