ਬਾਦਲ ਸਰਕਾਰ ਦੀ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸਿੱਖ ਨੌਜਵਾਨਾਂ ਦਾ ਹੋਇਆ ਛੇਵਾਂ ਸ਼ਰਧਾਂਜਲੀ ਸਮਾਗਮ

ਏਜੰਸੀ

ਖ਼ਬਰਾਂ, ਪੰਜਾਬ

ਬਾਦਲ ਸਰਕਾਰ ਦੀ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸਿੱਖ ਨੌਜਵਾਨਾਂ ਦਾ ਹੋਇਆ ਛੇਵਾਂ ਸ਼ਰਧਾਂਜਲੀ ਸਮਾਗਮ

image

ਕੋਟਕਪੂਰਾ, 14 ਅਕਤੂਬਰ (ਗੁਰਿੰਦਰ ਸਿੰਘ) : 14 ਅਕਤੂਬਰ 2015 ਨੂੰ ਬੇਅਦਬੀ ਕਾਂਡ ਦਾ ਇਨਸਾਫ਼ ਮੰਗ ਰਹੀਆਂ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਵਾਲੀਆਂ ਸੰਗਤਾਂ ਉਪਰ ਬਾਦਲ ਸਰਕਾਰ ਦੀ ਪੁਲਿਸ ਵਲੋਂ ਚਲਾਈ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਛੇਵੇਂ ਸ਼ਰਧਾਂਜ਼ਲੀ ਸਮਾਗਮ ਮੌਕੇ ਗੁਰਦਵਾਰਾ ਟਿੱਬੀ ਸਾਹਿਬ ਬਹਿਬਲ ਕਲਾਂ ਵਿਖੇ ਵੱਖ-ਵੱਖ ਬੁਲਾਰਿਆਂ ਨੇ ਸਿੱਖ ਕੌਮ, ਪੰਜਾਬ ਅਤੇ ਪੰਥ ਨਾਲ ਹੋਈਆਂ ਤੇ ਹੋ ਰਹੀਆਂ ਵਿਤਕਰੇਬਾਜ਼ੀਆਂ ਤੇ ਧੱਕੇਸ਼ਾਹੀਆਂ ਦਾ ਵਿਸਥਾਰ ’ਚ ਜ਼ਿਕਰ ਕਰਦਿਆਂ ਬਹੁਤੇ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਇਸ ਦਾ ਇਲਾਜ ਸਿਰਫ਼ ਖ਼ਾਲਿਸਤਾਨ ਹੀ ਹੈ। 
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਪ੍ਰੋ. ਮਹਿੰਦਰਪਾਲ ਸਿੰਘ ਨੇ ਆਖਿਆ ਕਿ 1947 ਤੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਤਕ ਸਿੱਖ ਕੌਮ ਨਾਲ ਵਿਤਕਰੇਬਾਜ਼ੀ ਬਰਕਰਾਰ ਹੈ, ਪੰਜਾਬ ਰਾਜ ਸਮੇਤ ਕੇਂਦਰ ਦੀਆਂ ਹੁਣ ਤਕ ਜਿੰਨੀਆਂ ਵੀ ਸਰਕਾਰਾਂ ਹੌਂਦ ਵਿਚ ਆਈਆਂ, ਸੱਭ ਨੇ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੁੂਕ ਜਾਰੀ ਰਖਿਆ। ਦਲ ਖ਼ਾਲਸਾ ਦੇ ਮੁਖੀ ਕੰਵਰਪਾਲ ਸਿੰਘ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਬੀਐਸਐਫ਼ ਨੂੰ ਦਿਤੇ ਵੱੱਧ ਅਧਿਕਾਰਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਵਿਉਂਤਬੰਦੀ ਕਰ ਰਹੀ ਹੈ। ਸਾਬਕਾ ਹਜ਼ੂਰੀ ਰਾਗੀ ਬਲਦੇਵ ਸਿੰਘ ਵਡਾਲਾ ਨੇ ਜ਼ਿਆਦਾ ਧਿਆਨ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ’ਤੇ ਦੇਣ ਦਾ ਜ਼ੋਰ ਦਿੰਦਿਆਂ ਆਖਿਆ ਕਿ ਅੱਜ ਮਸੰਦਾਂ ਤੋਂ ਪਵਿੱਤਰ ਗੁਰਦਵਾਰੇ ਆਜ਼ਾਦ ਕਰਾਉਣ ਦੀ ਪਹਿਲੀ ਲੋੜ ਹੈ। ਉਨ੍ਹਾਂ ਇਸ ਬਾਰੇ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਅਤੇ ਮੁਹੱਲਾਵਾਰ ਪੰਜ-ਪੰਜ ਮੈਂਬਰੀ ਕਮੇਟੀਆਂ ਬਣਾਉਣ ਦਾ ਵੀ ਸੁਝਾਅ ਦਿਤਾ। 
ਸੁਖਰਾਜ ਸਿੰਘ ਨਿਆਮੀਵਾਲਾ ਨੇ ਸਰਕਾਰਾਂ ਤੋਂ ਕਿਸੇ ਵੀ ਕਿਸਮ ਦੀ ਆਸ ਛੱਡ ਦੇਣ ਦਾ ਸੁਨੇਹਾ ਦਿੰਦਿਆਂ ਆਖਿਆ ਕਿ ਜੇਕਰ ਭਵਿੱਖ ਵਿਚ ਹੋਈ ਪਾਵਨ ਸਰੂਪ ਦੀ ਬੇਅਦਬੀ ਕਰਦਾ ਮੌਕੇ ’ਤੇ ਕਾਬੂ ਆ ਜਾਂਦਾ ਹੈ ਤਾਂ ਉਸ ਨੂੰ ਬਿਨਾਂ ਦੇਰੀ ਮੌਤ ਦੇ ਘਾਟ ਉਤਾਰ ਦੇਣ ਵਿਚ ਹੀ ਭਲਾਈ ਹੈ, ਕਿਉਂਕਿ ਸਾਨੂੰ ਛੇ ਸਾਲ ਇਨਸਾਫ਼ ਉਡੀਕਦਿਆਂ ਲੰਘ ਗਏ ਹਨ ਪਰ ਇਨਸਾਫ਼ ਦੀ ਕਿਰਨ ਦਿਖਾਈ ਨਹੀਂ ਦੇ ਰਹੀ। ਇਸ ਮੌਕੇ ਅਨੇਕਾਂ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਵੀ ਹਾਜ਼ਰੀ ਭਰੀ, ਸ਼ਹੀਦ ਨੌਜਵਾਨਾਂ ਦੇ ਪ੍ਰਵਾਰਕ ਮੈਂਬਰਾਂ ਦਾ ਵੀ ਸਨਮਾਨ ਹੋਇਆ ਤੇ ਅੰਤ ਵਿਚ ਗੁਰਸੇਵਕ ਸਿੰਘ ਭਾਣਾ ਨੇ ਸਾਰਿਆਂ ਦਾ ਧਨਵਾਦ ਕੀਤਾ।
ਫੋਟੋ :- ਕੇ.ਕੇ.ਪੀ.-ਗੁਰਿੰਦਰ-14-1ਏ