ਚੰਡੀਗੜ੍ਹ, 14 ਅਕਤੂਬਰ (ਭੁੱਲਰ): ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਪਿਛਲੇ ਲੰਮੇ ਸਮੇਂ ਤੋਂ ਅਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਗਰੂਰ ਤੋਂ ਤਬਦੀਲ ਕੀਤਾ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ। ਅੱਜ ਦੇ ਧਰਨੇ ਦੀ ਅਗਵਾਈ ਜਥੇਬੰਦੀ ਦੇ ਸੂਬਾਈ ਪ੍ਰਧਾਨ ਹਰਜੀਤ ਕੌਰ ਪੰਜੋਲਾ, ਜੁਆਇੰਟ ਸਕੱਤਰ ਗੁਰਦੀਪ ਕੌਰ, ਮੀਤ ਪ੍ਰਧਾਨ ਗੁਰਪ੍ਰੀਤ ਕੌਰ ਨੇ ਕੀਤੀ। ਅੱਜ ਧਰਨੇ ਵਿਚ ਬਲਾਕ ਡੇਰਾ ਬੱਸੀ ਦੀਆਂ ਵਰਕਰਾਂ ਹੈਲਪਰਾਂ ਨੇ ਭਾਗ ਲਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਂਗਨਵਾੜੀ ਵਰਕਰਾਂ ਹੈਲਪਰਾਂ ਨਾਲ ਸਦਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਅਨੁਸਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣਾ ਅਤੇ ਠੇਕੇਦਾਰੀ ਸਿਸਟਮ ਲਿਆਉਣਾ ਚਾਹੁੰਦੀ ਹੈ ਜਿਸ ਤਹਿਤ ਆਂਗਨਵਾੜੀ ਕੇਂਦਰਾਂ ਵਿਚ ਦਿਤੀ ਜਾਣ ਵਾਲੀ ਪੂਰਕ ਪੌਸ਼ਟਿਕ ਖ਼ੁਰਾਕ ਅਤੇ ਠੇਕੇਦਾਰਾਂ ਨੂੰ ਆਂਗਨਵਾੜੀ ਦਾ ਖਾਣਾ ਬਣਾਉਣ ਲਈ ਦਿਤੇ ਜਾ ਰਹੇ ਠੇਕੇ ਹਨ। ਬੱਚਿਆਂ ਨੂੰ ਦਿਤੀ ਜਾਣ ਵਾਲੀ ਪੂਰਕ ਪੌਸ਼ਟਿਕ ਖ਼ੁਰਾਕ ਦਾ ਠੇਕੇਦਾਰੀ ਸਿਸਟਮ ਲਿਆਉਣ ਦਾ ਸਖ਼ਤ ਵਿਰੋਧ ਕਰਦੇ ਹੋਏ ਆਗੂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ਹਨ ਕਿ ਆਂਗਨਵਾੜੀ ਕੇਂਦਰਾਂ ਵਿਚ ਤਾਜ਼ਾ ਪਕਿਆ ਹੋਇਆ ਭੋਜਨ ਹੀ ਮੁਹਈਆ ਕਰਵਾਇਆ ਜਾਵੇ ਅਤੇ ਜਿਸ ਦੀ ਕੁਆਲਟੀ ਸੱਭ ਤੋਂ ਬੈਸਟ ਹੋਣੀ ਚਾਹੀਦੀ ਹੈ ਪਰ ਪੰਜਾਬ ਸਰਕਾਰ ਵਲੋਂ ਕੇਂਦਰਾਂ ਅੰਦਰ ਭੋਜਨ ਦੀ ਕੁਆਲਿਟੀ ਸੁਧਾਰਣ ਦੀ ਬਜਾਏ ਨਵਾਂ ਕਦਮ ਚੁਕਦੇ ਹੋਏ ਡੱਬਾਬੰਦ ਭੋਜਨ ਅਤੇ ਠੇਕੇਦਾਰ ਰਸੋਈ ਵਲ ਸ਼ੁਰੂਆਤ ਕੀਤੀ ਜਾ ਰਹੀ ਹੈ। ਜੋ ਕਿ ਜ਼ੀਰੋ ਤੋਂ ਲੈ ਕੇ ਤਿੰਨ ਸਾਲ ਦੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋਵੇਗਾ।
image