ਰਾਏ ਬੁਲਾਰ ਭੱਟੀ ਦੇ ਵੰਸ਼ਜਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਗਮ ਲਈ ਵੀਜ਼ਾ ਦੇਣ ਤੋਂ ਇਨਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਹੌਰ ਦੇ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਾਏ ਬੁਲਾਰ ਭੱਟੀ ਨੇ 18,500 ਏਕੜ ਜ਼ਮੀਨ ਦਾਨ ਕੀਤੀ ਸੀ।

photo

 

ਅੰਮ੍ਰਿਤਸਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸ਼ਰਧਾਲੂਆਂ ਵਿੱਚੋਂ ਇੱਕ, ਅਤੇ ਪਾਕਿਸਤਾਨ ਦੇ ਲਾਹੌਰ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਲਈ ਜ਼ਮੀਨ ਦਾਨ ਕਰਨ ਵਾਲੇ ਰਾਏ ਬੁਲਾਰ ਭੱਟੀ ਦੇ ਵੰਸ਼ਜਾਂ ਨੇ ਸ਼ੁੱਕਰਵਾਰ 14 ਅਕਤੂਬਰ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਭੱਟੀ ਪਰਿਵਾਰ ਨੇ 15 ਅਕਤੂਬਰ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅਜਾਇਬ ਘਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਸਮਾਗਮ ਵਿਚ ਸ਼ਿਰਕਤ ਕਰਨੀ ਸੀ। ਇਸ ਸਮਾਗਮ ਦੌਰਾਨ ਅਜਾਇਬ ਘਰ ਵਿੱਚ 15ਵੀਂ ਸਦੀ ਦੇ ਮੁਸਲਮਾਨ ਜ਼ਿਮੀਂਦਾਰ ਅਤੇ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਰਾਏ ਬੁਲਾਰ ਭੱਟੀ ਦੀ ਤਸਵੀਰ ਦੀ ਸੁਸ਼ੋਭਿਤ ਕੀਤੀ ਜਾਣੀ ਹੈ।

ਲਾਹੌਰ ਦੇ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਾਏ ਬੁਲਾਰ ਭੱਟੀ ਨੇ 18,500 ਏਕੜ ਜ਼ਮੀਨ ਦਾਨ ਕੀਤੀ ਸੀ। ਜਾਣਕਾਰੀ ਸਾਂਝੀ ਕਰਦੇ ਹੋਏ ਲਾਹੌਰ ਹਾਈ ਕੋਰਟ ਦੇ ਉੱਘੇ ਵਕੀਲ ਅਤੇ ਰਾਏ ਬੁਲਾਰ ਭੱਟੀ ਦੀ 19ਵੀਂ ਪੀੜ੍ਹੀ ਦੇ ਮੈਂਬਰ ਰਾਏ ਸਲੀਮ ਭੱਟੀ (44) ਨੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀਜ਼ਾ ਨਾ ਦਿੱਤੇ ਜਾਣ 'ਤੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ। 

ਭੱਟੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਉਨ੍ਹਾਂ ਨੂੰ ਭਾਰਤ ਆਉਣ ਲਈ ਵੀਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਲ 2018, 2019 ਅਤੇ 2020 ਵਿੱਚ ਵੀ ਅਜਿਹਾ ਹੋ ਚੁੱਕਿਆ ਹੈ ਕਿ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ।