ਫਰੀਦਕੋਟ 'ਚ ਰਾਤ 3 ਘੰਟੇ ਪਿਆ ਮੀਂਹ, ਦੋ ਵਾਰ ਪਏ ਗੜੇ, ਨਰਮੇ ਦੀ ਫਸਲ ਦਾ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਅਗਲੇ 2 ਦਿਨਾਂ 'ਚ ਮੁੜ ਮੀਂਹ ਪੈਣ ਦੀ ਸੰਭਾਵਨਾ

File Photo

ਫਰੀਦਕੋਟ - ਫਰੀਦਕੋਟ 'ਚ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਅਚਾਨਕ ਮੌਸਮ ਬਦਲ ਗਿਆ। ਬਿਜਲੀ ਲਗਾਤਾਰ ਤਿੰਨ ਘੰਟੇ ਚਮਕਦੀ ਰਹੀ। ਇਸ ਦੌਰਾਨ ਦੋ ਵਾਰ ਗੜੇਮਾਰੀ ਹੋਈ ਅਤੇ ਕੁੱਲ 23 ਮਿਲੀਮੀਟਰ ਵਰਖਾ ਵੀ ਦਰਜ ਕੀਤੀ ਗਈ।  

ਬੇਮੌਸਮੀ ਬਰਸਾਤ ਕਾਰਨ ਅਨਾਜ ਮੰਡੀਆਂ ਵਿਚ ਲੱਖਾਂ ਮੀਟ੍ਰਿਕ ਟਨ ਝੋਨੇ ਦੀ ਫ਼ਸਲ ਗਿੱਲੀ ਹੋ ਗਈ ਅਤੇ ਖੇਤਾਂ ਵਿਚ ਵਾਹੁਣ ਲਈ ਤਿਆਰ ਨਰਮੇ-ਕਪਾਹ ਦੀ ਫ਼ਸਲ ਬਰਬਾਦ ਹੋ ਗਈ। ਮੌਸਮ ਵਿਚ ਆਈ ਤਬਦੀਲੀ ਕਾਰਨ ਫਰੀਦਕੋਟ ਜ਼ਿਲ੍ਹੇ ਦਾ ਵੱਧ ਤੋਂ ਵੱਧ ਤਾਪਮਾਨ 32 ਅਤੇ ਘੱਟੋ-ਘੱਟ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਮੌਸਮ ਵਿਗਿਆਨੀਆਂ ਅਨੁਸਾਰ ਐਤਵਾਰ, ਸੋਮਵਾਰ ਅਤੇ ਮੰਗਲਵਾਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ 'ਚ ਜੇਕਰ ਹੋਰ ਮੀਂਹ ਪੈਂਦਾ ਹੈ ਤਾਂ ਖੁੱਲ੍ਹੇ ਅਸਮਾਨ ਹੇਠ ਕਿਸਾਨਾਂ ਦੀ ਮਿਹਨਤ ਬਰਬਾਦ ਹੋਣ ਦੀ ਸੰਭਾਵਨਾ ਵੱਧ ਜਾਵੇਗੀ। ਫਰੀਦਕੋਟ ਜ਼ਿਲ੍ਹਾ ਪਹਿਲਾਂ ਹੀ ਡੇਂਗੂ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ, ਇਸ ਲਈ ਇਸ ਬੇਮੌਸਮੀ ਬਰਸਾਤ ਨਾਲ ਮੱਛਰਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਵੇਗਾ, ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਂਝ ਨਗਰ ਕੌਂਸਲ ਵੱਲੋਂ ਮੱਛਰਾਂ ਦੀ ਰੋਕਥਾਮ ਲਈ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਡੇਂਗੂ ਦੇ ਲਾਰਵੇ ਦੀ ਜਾਂਚ ਦੇ ਨਾਲ-ਨਾਲ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।